ਤਿੰਨ ਸਾਲਾ ਵਿੱਚ ਹੋਏ ਵਿਕਾਸ ਨੇ ਪਿਛਲੇ 70 ਸਾਲਾਂ ਦੇ ਵਿਕਾਸ ਨੂੰ ਨਿਗੁਣਾ ਕੀਤਾ – ਹਰਜੋਤ ਬੈਂਸ
- ਪੰਜਾਬ ਸਰਕਾਰ ਅਗਲੇ ਦੋ ਸਾਲਾਂ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਵੇਗੀ- ਕੈਬਨਿਟ ਮੰਤਰੀ
- ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਤਿੰਨ ਸਾਲਾ ਵਿੱਚ ਕਰਵਾਏ ਵਿਕਾਸ ਦੀ ਕੀਤੀ ਸਮੀਖਿਆ
ਸ੍ਰੀ ਅਨੰਦਪੁਰ ਸਾਹਿਬ 16 ਮਾਰਚ,2025 - ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤਿੰਨ ਸਾਲਾ ਵਿੱਚ ਜੋ ਵਿਕਾਸ ਕਰਵਾਇਆ ਹੈ ਅਤੇ ਜਿਹੜੇ ਲੋਕਪੱਖੀ ਫੈਸਲੇ ਲਾਗੂ ਕਰਵਾਏ ਹਨ, ਉਨ੍ਹਾਂ ਨੇ ਅਜ਼ਾਦੀ ਤੋ ਬਾਅਦ 70 ਸਾਲਾ ਵਿਚ ਹੋਏ ਵਿਕਾਸ ਦੇ ਕੰਮਾਂ ਨੂੰ ਨਿਗੁਣਾ ਕਰ ਦਿੱਤਾ ਹੈ। ਹਜਾਰਾ ਬੇਰੁਜਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆ ਦਿੱਤੀਆਂ ਹਨ, ਘਰੇਲੂ ਬਿਜਲੀ ਖਪਤਕਾਰਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ ਅਤੇ ਪੰਜਾਬ ਵਿੱਚ ਵੱਡੇ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ।
ਹਰਜੋਤ ਬੈਂਸ ਨੇ ਕਿਹਾ ਕਿ 16 ਮਾਰਚ 2022 ਨੂੰ ਖਟਕੜ ਕਲ੍ਹਾਂ ਦੀ ਧਰਤੀ ਤੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਤੋਂ ਸਹੁੰ ਚੱਕਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਪੰਜਾਬ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿਆਪਕ ਉਪਰਾਲੇ ਕੀਤੇ। ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਬਰੂਹਾਂ ਤੇ ਮੁਹੱਇਆ ਕਰਵਾਇਆ। ਸੈਂਕੜੇ ਆਮ ਆਦਮੀ ਕਲੀਨਿਕ ਖੋਲ ਕੇ ਲੱਖਾਂ ਲੋਕਾਂ ਦਾ ਮੁਫਤ ਇਲਾਜ ਘਰਾਂ ਨੇੜੇ ਕਰਕੇ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਵਿਵਸਥਾ ਨੂੰ ਕਾਇਮ ਕੀਤਾ।
ਬੈਂਸ ਨੇ ਦੱਸਿਆ ਕਿ ਸਿੱਖਿਆ ਕ੍ਰਾਤੀ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 118 ਸਕੂਲ ਆਂਫ ਐਮੀਨੈਂਸ ਖੋਲ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਆਮ ਘਰਾਂ ਦੇ ਬੱਚਿਆਂ ਨੂੰ ਕਾਨਵੈਂਟ ਤੇ ਮਾਡਲ ਸਕੂਲਾਂ ਵਾਲਿਆਂ ਸਹੂਲਤਾ ਉਪਲੱਬਧ ਕਰਵਾਈਆਂ। ਸਰਕਾਰੀ ਸਕੂਲਾਂ ਵਿਚ ਸੂਟਿੰਗ ਰੇਂਜ, ਐਸਟ੍ਰੋਟਰਫ, ਹਾਕੀ ਗਰਾਊਡ, ਸਵੀਮਿੰਗ ਪੂਲ, ਆਉਣ ਜਾਣ ਲਈ ਟ੍ਰਾਂਸਪੋਰਟ ਦੀ ਸਹੂਲਤ ਦੇ ਕੇ ਮਾਡਲ ਸਕੂਲਾਂ ਦੀ ਤਰਾਂ ਵਿਵਸਥਾ ਕੀਤੀ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਈਸਰੋ ਵਿੱਚ ਭੇਜੇ, ਸਕੂਲਾਂ ਦੇ ਪ੍ਰਿੰਸੀਪਲ ਸਿੰਘਾਪੁਰ ਤੇ ਫਿਨਲੈਂਡ ਵਿਚ ਸਿਖਲਾਈ ਲੈ ਰਹੇ ਹਨ। ਸਰਕਾਰੀ ਸਕੂਲਾਂ ਦੀ ਚਾਰਦੀਵਾਰੀ, ਕੈਂਪਸ ਮੈਨੇਜਰ, ਸੁਰੱਖਿਆ ਗਾਰਡ ਵਰਗੀਆਂ ਸਹੂਲਤਾਂ ਉਪਲੱਬਧ ਕਰਵਾਈਆਂ। ਇਸ ਨਾਲ ਪੰਜਾਬ ਵਿੱਚ ਨਵੀ ਸਿੱਖਿਆ ਕ੍ਰਾਂਤੀ ਦੀ ਸੁਰੂਆਤ ਹੋਈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਨੂੰ ਬਿਨਾ ਖੱਜਲ ਖੁਆਰੀ ਖਰੀਦਿਆ ਗਿਆ। ਅੱਜ ਪੰਜਾਬ ਤਰੱਕੀ ਤੇ ਖੁਸ਼ਹਾਲੀ ਦੀਆ ਲੀਹਾਂ ਤੇ ਨਵੀਆ ਪੁਲਾਘਾ ਪੁੱਟ ਰਿਹਾ ਹੈ। ਅਗਲੇ ਦੋ ਸਾਲਾਂ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਬਾਰੇ ਦੱਸਿਆ ਕਿ ਦਰਜਨਾਂ ਸੜਕਾਂ, ਪੁੱਲਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਬਹੁਤ ਸਾਰੇ ਕੰਮ ਪ੍ਰਗਤੀ ਅਧੀਨ ਹਨ। ਨੰਗਲ ਦਾ ਬਹੁਕਰੋੜੀ ਫਲਾਈਓਵਰ ਚਾਲੂ ਕਰਵਾਇਆ ਅਤੇ ਐਲਗਰਾਂ ਪੁੱਲ ਦੇ ਨਿਰਮਾਣ ਦੀ ਪ੍ਰਵਾਨਗੀ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜ ਪਿਆਰਾ ਪਾਰਕ ਦਾ ਨਵੀਨੀਕਰਨ, ਨੇਚਰ ਪਾਰਕ, ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਵਰਗੇ ਪ੍ਰੋਜੈਕਟ ਨਵੀਨੀਕਰਨ ਉਪਰੰਤ ਸੰਗਤਾਂ ਲਈ ਖੋਲੇ ਗਏ। ਪੰਜਾਬ ਦੇ ਦਰਜਨਾਂ ਟੋਲ ਪਲਾਜ਼ੇ ਬੰਦ ਹੋਏ, ਨੱਕੀਆਂ ਟੋਲ ਪਲਾਜ਼ਾਂ ਵੀ ਹਟਵਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਅਤੇ ਨੰਗਲ ਵਿੱਚ ਸਕੂਲ ਆਂਫ ਐਮੀਨੈਂਸ ਖੋਲੇ ਗਏ, ਜਦੋਂ ਕਿ ਹਲਕੇ ਵਿੱਚ ਸਿਹਤ ਸਹੂਲਤਾਂ ਲਈ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ। ਬਹੁਕਰੋੜੀ ਲਿਫਟ ਸਿੰਚਾਈ ਯੋਜਨਾ ਦੀ ਸੋਗਾਤ ਚੰਗਰ ਦੇ ਨੀਮ ਪਹਾੜੀ ਖੇਤਰ ਦੇ ਲੋਕਾਂ ਦੇ ਖੇਤਾਂ ਲਈ ਵਰਦਾਨ ਸਿੱਧ ਹੋਈ ਹੈ। ਸੂਚਨਾ ਕੇਂਦਰ ਦੀ ਇਮਾਰਤ ਮੁਕੰਮਲ ਹੋ ਚੁੱਕੀ ਹੈ। ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੋਂਕ, ਸਿਹਤ ਕੇਂਦਰ ਅਪਗ੍ਰੇਡ ਕਰਵਾਏ ਗਏ ਹਨ ਅਤੇ ਸਾਲ 2025 ਦੌਰਾਨ ਵਿਆਪਕ ਵਿਕਾਸ ਦੇ ਕੰਮ ਸੁਰੂ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਸਾਡੀਆਂ ਕੋਸ਼ਿਸਾਂ ਨੇ ਲੋਕਾਂ ਨੂੰ ਸਾਡੀ ਸਾਫ ਨੀਅਤ ਤੇ ਇਮਾਨਦਾਰੀ ਦਾ ਫਤਵਾ ਦੇ ਕੇ ਲੋਕ ਸਭਾਂ ਅਤੇ ਪੰਚਾਇਤ ਚੋਣਾਂ ਵਿਚ ਮਿਸਾਲੀ ਜਿੱਤ ਦਿੱਤੀ ਹੈ। ਭਵਿੱਖ ਵਿੱਚ ਹੋਰ ਸ਼ਿੱਦਤ, ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰਾਂਗੇ। ਲੋਕਾਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਹੋਵੇਗਾ।