ਜ਼ਿਲ੍ਹਾ ਸਾਹਿਤ ਕੇਂਦਰ ਨੇ ਚੰਡੀਗੜ੍ਹ ਵਿਖੇ ਹੋ ਰਹੀ ਆਲਮੀ ਪੰਜਾਬੀ ਕਾਨਫਰੰਸ ਸਬੰਧੀ ਕੀਤੀ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ 2 ਮਾਰਚ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੀ ਵਿਸ਼ੇਸ਼ ਇਕੱਤਰਤਾ ਸ਼ਹੀਦ ਬਲਜੀਤ ਸਿੰਘ ਭਵਨ ਗੁਰਦਾਸਪੁਰ ਵਿਖੇ ਸੀਤਲ ਸਿੰਘ ਗੁੰਨੋਪੁਰੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਦਾ ਵਿਸ਼ੇਸ਼ ਏਜੰਡਾ ਸੀ ਮਾਂ ਬੋਲੀ ਪੰਜਾਬੀ ਦੀਆਂ ਸੈਂਕੜੇ ਸਭਾਵਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 7,8 ਅਤੇ 9 ਮਾਰਚ 2025 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਤੀਜੀ ਆਲਮੀ ਪੰਜਾਬੀ ਕਾਨਫਰੰਸ ਲਈ ਫੰਡ ਪੈਦਾ ਕਰਨਾ ਤੇ ਵੱਧ ਤੋਂ ਵੱਧ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਤਿੰਨ ਰੋਜ਼ਾ ਸਮਾਗਮ ਵਿੱਚ ਸ਼ਾਮਿਲ ਕਰਨਾ।
ਪੰਜਾਬੀ ਲੇਖਕ ਸਭਾ ਦੇ ਆਗੂ ਮੱਖਣ ਸਿੰਘ ਕੋਹਾੜ ਨੇ ਆਲਮੀ ਪੰਜਾਬੀ ਕਾਨਫਰੰਸ ਦੀ ਮਹੱਤਤਾ ਅਤੇ ਸਮੁੱਚੇ ਪ੍ਰੋਗਰਾਮ ਸੰਬੰਧੀ ਵਿਸਥਾਰ ਰੂਪ ਵਿੱਚ ਜਾਣੂ ਕਰਾਇਆ। ਇਸ ਵਿੱਚ ਹਾਜ਼ਰ ਸਾਥੀਆਂ ਨੇ ਆਪਣੇ ਵਿੱਤ ਤੋਂ ਵੱਧ ਮਾਇਕ ਸਹਾਇਤਾ ਭੇਜਣ ਅਤੇ ਉਸ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਭਾਰੀ ਗਿਣਤੀ ਵਿੱਚ ਸਾਥੀਆਂ ਸਮੇਤ ਤਿੰਨੇ ਦਿਨ ਹੀ ਲਗਾਤਾਰ ਸ਼ਾਮਿਲ ਰਹਿਣ ਦੀ ਸਹਿਮਤੀ ਦਿੱਤੀ। ਇਸ ਉਪਰੰਤ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਗੁਰਦਾਸਪੁਰ ਵਿਖੇ 21ਫਰਵਰੀ ਨੂੰ ਕਰਵਾਏ ਗਏ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਸਮਾਗਮ 'ਤੇ ਨਜ਼ਰਸਾਨੀ ਕੀਤੀ ਗਈ, ਜਿਸ ਵਿੱਚ ਹਾਜ਼ਰ ਸਾਥੀਆਂ ਨੇ ਸਮਾਗਮ ਦੀ ਸਫ਼ਲਤਾ 'ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਪ੍ਰਸਿੱਧ ਗ਼ਜ਼ਲਕਾਰ ਸ਼੍ਰੀ ਕ੍ਰਿਸ਼ਨ ਭਨੋਟ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੇ ਮੈਂਬਰ, ਪੱਤਰਕਾਰ ਤੇ ਨਾਮਵਰ ਲੇਖਕ ਸਾਥੀ ਹਰਪਾਲ ਸਿੰਘ ਨਾਗਰਾ ਫਤਿਹਗੜ੍ਹ ਚੂੜੀਆਂ ਜੀ ਦੇ ਛੋਟੇ ਭਰਾ ਸ੍ਰ.ਅਜੇਪਾਲ ਸਿੰਘ ਨਾਗਰਾ ਦੀ ਬੇਵਕਤੀ ਮੌਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਸੰਯੋਜਕ ਮੱਖਣ ਸਿੰਘ ਕੋਹਾੜ, ਸੀਨੀਅਰ ਮੀਤ ਪ੍ਰਧਾਨ ਸੀਤਲ ਸਿੰਘ ਗੁੰਨੋਪੁਰੀ, ਬੂਟਾ ਰਾਮ ਆਜ਼ਾਦ, ਗੁਰਮੀਤ ਸਿੰਘ ਬਾਜਵਾ, ਸੁੱਚਾ ਸਿੰਘ ਪਸਨਾਵਾਲ, ਗੁਰਪ੍ਰੀਤ ਸਿੰਘ ਰੰਗੀਲਪੁਰ, ਸੁਖਵਿੰਦਰ ਸਿੰਘ ਰੰਧਾਵਾ, ਸੋਹਣ ਸਿੰਘ, ਨਿਸ਼ਾਨ ਸਿੰਘ ਜੌੜਾ ਸਿੰਘਾ ਆਦਿ ਮੈਂਬਰ ਹਾਜ਼ਰ ਸਨ।