ਬੀਬੀ ਮਾਣੂੰਕੇ ਨੂੰ ਜਾਣਬੁੱਝ ਕੇ ਬਦਨਾਮ ਕਰਨ 'ਤੇ ਭੜਕੇ ਵਲੰਟੀਅਰ
ਐਸ.ਐਸ.ਪੀ.ਜਗਰਾਉਂ ਤੋਂ ਨਿਰਪੱਖ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਦੀਪਕ ਜੈਨ
ਜਗਰਾਓਂ, 3 ਮਾਰਚ 2025- ਆਮ ਆਦਮੀ ਪਾਰਟੀ ਦੇ ਪੰਚ-ਸਰਪੰਚ, ਕੌਂਸਲਰ, ਬਲਾਕ ਪ੍ਰਧਾਨ ਅਤੇ ਵਲੰਟੀਅਰ ਅੱਜ ਉਸ ਸਮੇਂ ਭੜਕ ਗਏ, ਜਦੋਂ ਇੱਕ ਪੱਤਰਕਾਰ ਨਸੀਬ ਵਿਰਕ ਵੱਲੋਂ ਉਸ ਉਪਰ ਹੋਈ ਕੁੱਟ-ਮਾਰ ਪਿੱਛੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। 'ਆਪ' ਆਗੂ ਅਤੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਜਗਰਾਉਂ ਸਥਿਤ ਦਫਤਰ ਵਿੱਚ ਤੁਰੰਤ ਇਕੱਠੇ ਹੋ ਕੇ ਪਹੁੰਚ ਗਏ ਅਤੇ ਉਹਨਾਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਕੋਲੋਂ ਪੱਤਰਕਾਰ ਉਪਰ ਹੋਏ ਹਮਲੇ ਦੇ ਸਬੰਧ ਵਿੱਚ ਪੱਖ ਜਾਣਿਆਂ, ਤਾਂ ਵਿਧਾਇਕਾ ਮਾਣੂੰਕੇ ਨੇ ਪੰਜਾਬੀ ਦੇ ਅਖਾਣ ਦੀ ਵਰਤੋਂ ਕਰਦਿਆਂ ਆਖਿਆ ਕਿ ਪੱਤਰਕਾਰ ਦਾ ਤਾਂ ਉਹ ਕੰਮ ਹੈ ਕਿ 'ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ 'ਤੇ'। ਬੀਬੀ ਮਾਣੂੰਕੇ ਨੇ ਪੱਤਰਕਾਰ ਨਸੀਬ ਵਿਰਕ ਉਪਰ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਆਖਿਆ ਕਿ ਪੱਤਰਕਾਰਤਾ ਲੋਕਤੰਤਰ ਦਾ ਚੌਥਾ ਧੰਮ ਹੈ ਅਤੇ ਉਹ ਮੰਗ ਕਰਦੇ ਹਨ ਕਿ ਪੱਤਰਕਾਰ ਉਪਰ ਹੋਏ ਹਮਲੇ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਸੀਬ ਵਿਰਕ ਉਪਰ ਹੋਏ ਹਮਲੇ ਨਾਲ ਉਹਨਾਂ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਸਬੰਧ ਨਹੀਂ ਹੈ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਹਮੇਸ਼ਾ ਸੱਚ ਉਪਰ ਪਹਿਰਾ ਦੇਣ ਅਤੇ ਪੱਤਰਕਾਰਤਾ ਦੀ ਮਾਣ-ਮਰਿਯਾਦਾ ਕਾਇਮ ਰੱਖਦੇ ਹੋਏ ਲੋਕਤੰਤਰ ਦੇ ਚੌਥੇ ਧੰਮ ਦੀ ਰਾਖੀ ਕਰਨ। ਉਹਨਾਂ ਪੱਤਰਕਾਰਾਂ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਬਹੁਤ ਸਾਰੇ ਅਜਿਹੇ ਪੱਤਰਕਾਰ ਹਨ, ਜਿੰਨਾਂ ਦੀਆਂ ਕਲਮਾਂ ਜਿਥੇ ਸਰਕਾਰ ਅਤੇ ਸਮਾਜ ਦਾ ਮਾਰਗ ਦਰਸ਼ਨ ਕਰਦੀਆਂ ਹਨ, ਉਥੇ ਹੀ ਉਹਨਾਂ ਦੀ ਸੂਝ-ਬੂਝ ਤੇ ਸਿਆਣਪ ਸਾਫ਼-ਸੁਥਰੇ ਤੇ ਨਰੋਏ ਸਮਾਜ਼ ਦੀ ਸਿਰਜਣਾ ਕਰਦੀ ਹੈ। ਪਰੰਤੂ ਅੱਜਕੱਲ ਬਹੁਤ ਸਾਰੇ ਨਕਲੀ ਪੱਤਰਕਾਰਾਂ ਦੀ ਵੀ ਬਹੁਤ ਭਰਮਾਰ ਹੈ, ਜਿੰਨਾਂ ਨੇ ਆਪੋ-ਆਪਣੇ ਯੂ-ਟਿਉਬ ਚੈਨਲ ਬਣਾਏ ਹੋਏ ਹਨ ਅਤੇ ਪੀਲੀ ਪੱਤਰਕਾਰੀ ਦੇ ਸਹਾਰੇ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਬਦਨਾਮ ਕਰਦੇ ਹਨ। ਅਜਿਹੇ ਲੋਕਾਂ ਵਿਰੁੱਧ 'ਪ੍ਰੈਸ ਕਲੱਬਾਂ' ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੀ ਆਪਣੀ ਅਵਾਜ਼ ਬਲੰਦ ਕਰਨੀ ਚਾਹੀਦੀ ਹੈ। ਇਸ ਉਪਰੰਤ ਰੋਹ ਵਿੱਚ ਆਏ 'ਆਪ' ਵਲੰਟੀਅਰਾਂ ਨੇ ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਨੂੰ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਕਿ ਪੱਤਰਕਾਰ ਨਸੀਬ ਵਿਰਕ ਵੱਲੋਂ ਜਾਣਬੁੱਝ ਕੇ ਭੰਡੀ ਪ੍ਰਚਾਰ ਕਰਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਲਈ ਮਾਮਲੇ ਦੀ ਬਰੀਕੀ ਨਾਲ ਘੋਖ-ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੀਬੀ ਮਾਣੂੰਕੇ ਨੂੰ ਭੰਡੀ ਪ੍ਰਚਾਰ ਕਰਕੇ ਬਦਨਾਮ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੋਪੀ ਸ਼ਰਮਾਂ, ਕੁਲਵਿੰਦਰ ਸਿੰਘ ਕਾਲਾ, ਚੇਅਰਮੈਨ ਕਰਮਜੀਤ ਸਿੰਘ ਕੰਮੀ ਡੱਲਾ, ਕਮਲਜੀਤ ਸਿੰਘ ਕਮਾਲਪੁਰਾ, ਸਰਪੰਚ ਮਨਦੀਪ ਸਿੰਘ ਗੁੱਗ ਕਮਾਲਪੁਰਾ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਜਗਰੂਪ ਸਿੰਘ ਕਾਉਂਕੇ, ਸੁਭਾਸ਼ ਕੁਮਾਰ, ਇੰਦਰਜੀਤ ਸਿੰਘ ਡੋਗਾ, ਲਖਵੀਰ ਸਿੰਘ, ਮੁਖਤਿਆਰ ਸਿੰਘ ਮਾਣੂੰਕੇ, ਮਿੰਟੂ ਮਾਣੂੰਕੇ, ਛਿੰਦਰਪਾਲ ਸਿੰਘ ਮੀਨੀਆਂ, ਸਰਪੰਚ ਅਮਨਜੋਤ ਸਿੰਘ ਅਗਵਾੜ ਰਾਹਲਾਂ, ਰਾਜਦੀਪ ਸਿੰਘ, ਕੌਂਸਲਰ ਜਗਜੀਤ ਸਿੰਘ ਜੱਗੀ, ਅਮਨਦੀਪ ਸਿੰਘ, ਗੁਰਸੇਵਕ ਸਿੰਘ, ਸੁਖਦੀਪ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਰਪੰਚ ਸੁਖਵੀਰ ਸਿੰਘ, ਵਿਕਰਮਜੀਤ ਸਿੰਘ 'ਵਿੱਕੀ ਥਿੰਦ', ਮੇਹਰ ਸਿੰਘ, ਕਾ.ਨਿਰਮਲ ਸਿੰਘ, ਸਰਪੰਚ ਜਗਤਾਰ ਸਿੰਘ ਰਸੂਲਪੁਰ, ਮਨਜਿੰਦਰ ਸਿੰਘ, ਕੰਵਰਪਾਲ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਕਲੇਰ, ਸੁਖਦੇਵ ਸਿੰਘ ਕਾਉਂਕੇ, ਪ੍ਰਵੀਨ ਕੁਮਾਰ, ਮੋਹਣ ਸਿੰਘ, ਅਮਰਦੀਪ ਸਿੰਘ ਟੂਰੇ, ਰਣਬੀਰ ਸਿੰਘ, ਸਰਪੰਚ ਸੋਹਣ ਸਿੰਘ, ਜਗਰੂਪ ਸਿੰਘ, ਪਰਮਿੰਦਰ ਸਿੰਘ, ਸਰਪੰਚ ਗੋਪਾਲ ਸਿੰਘ 'ਪਾਲੀ ਡੱਲਾ' ਆਦਿ ਨੇ ਵੀ ਵਿਧਾਇਕਾ ਮਾਣੂੰਕੇ ਨੂੰ ਜਾਣਬੁੱਝ ਕੇ ਬਦਨਾਮ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।