ਸਰਕਾਰੀ ਗਊਸ਼ਾਲਾ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ
ਫਾਜ਼ਿਲਕਾ , 17 ਜਨਵਰੀ 2025 :
ਜ਼ਿਲ੍ਹਾ ਵੈਲਫੇਅਰ ਸੁਸਾਇਟੀ ਦੀ ਬੈਠਕ ਅੱਜ ਇਥੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪਿੰਡ ਸਲੇਮ ਸ਼ਾਹ ਵਿਖੇ ਬਣੀ ਸਰਕਾਰੀ ਗਊਸ਼ਾਲਾ ਦੇ ਕੰਮ ਕਾਜ ਦੀ ਸਮੀਖਿਆ ਕੀਤੀ ਗਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਮੈਂਬਰਾਂ ਨੂੰ ਕਿਹਾ ਕਿ ਗਊਸ਼ਾਲਾ ਲਈ ਤੂੜੀ ਅਤੇ ਪਰਾਲੀ ਸਮੇਤ ਹੋਰ ਚਾਰੇ ਦੀ ਜਿਆਦਾ ਤੋਂ ਜਿਆਦਾ ਮਾਤਰਾ ਦਾਨ ਵਿੱਚ ਦੇਣ ਲਈ ਲੋਕਾਂ ਨੂੰ ਉਤਸਾਹਿਤ ਕੀਤਾ ਜਾਵੇ। ਉਨਾਂ ਨੇ ਇਸ ਮੌਕੇ ਕਿਹਾ ਕਿ ਆਉਣ ਵਾਲੀ ਕਣਕ ਦੀ ਵਾਢੀ ਤੋਂ ਪਹਿਲਾਂ ਯੋਜਨਾਵੰਦੀ ਕੀਤੀ ਜਾਵੇ ਕਿ ਗਊਸ਼ਾਲਾ ਲਈ ਜਿਆਦਾ ਤੋਂ ਜਿਆਦਾ ਤੂੜੀ ਦਾਨ ਵਿੱਚ ਮਿਲ ਸਕੇ। ਉਹਨਾਂ ਨੇ ਦੱਸਿਆ ਕਿ ਸਰਕਾਰੀ ਗਊਸ਼ਾਲਾ ਵਿਖੇ 1300 ਜਾਨਵਰ ਰੱਖੇ ਹੋਏ ਹਨ ਅਤੇ ਪਿਛਲੇ ਸਮੇਂ ਦੌਰਾਨ ਲਗਭਗ 1700 ਕਇੰਟਲ ਪਰਾਲੀ ਵੀ ਦਾਨ ਵਿੱਚ ਲਈ ਗਈ ਸੀ। ਉਹਨਾਂ ਨੇ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਕਿ ਜਮਾ ਹੋਇਆ ਕਾਉ ਸੈਸ ਗਊਸ਼ਾਲਾ ਦੀ ਸੁਸਾਇਟੀ ਨੂੰ ਭੇਜਿਆ ਜਾਵੇ।
ਇਸ ਦੇ ਨਾਲ ਹੀ ਐਸਪੀਸੀਏ ਦੇ ਕੰਮ ਕਾਰ ਸਬੰਧੀ ਵੀ ਬੈਠਕ ਹੋਈ ਜਿਸ ਵਿੱਚ ਜਾਨਵਰਾਂ ਤੇ ਅਤਿਆਚਾਰ ਰੋਕਣ ਵਾਲੇ ਐਕਟ ਤਹਿਤ ਜਾਨਵਰਾਂ ਦੀ ਦੇਖਰੇਖ ਲਈ ਖਰਚੇ ਦੀਆਂ ਦਰਾਂ ਨਿਰਧਾਰਿਤ ਕੀਤੀਆਂ ਗਈਆਂ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਜਾਨਵਰਾਂ ਤੇ ਤਸ਼ੱਦਦ ਕਰਦਾ ਹੈ ਤਾਂ ਅਜਿਹੇ ਜਾਨਵਰਾਂ ਨੂੰ ਸਾਂਭ ਸੰਭਾਲ ਲਈ ਕੇਸ ਪ੍ਰੋਪਰਟੀ ਵਜੋਂ ਵਿਭਾਗ ਕੋਲ ਆ ਜਾਂਦੇ ਹਨ ਅਤੇ ਇਹਨਾਂ ਤੇ ਦੇਖਭਾਲ ਤੇ ਆਉਣ ਵਾਲੇ ਖਰਚਾ ਦੀਆਂ ਦਰਾ ਨਿਰਧਾਰਤ ਕੀਤੀਆਂ ਗਈਆਂ ਅਤੇ ਜਿੰਨੀ ਦੇਰ ਤੱਕ ਅਜਿਹੇ ਮਾਮਲੇ ਵਿੱਚ ਕੇਸ ਚਲਦਾ ਹੈ ਉਹ ਜਾਨਵਰ ਐਸਪੀਸੀਏ ਕੋਲ ਰਹਿੰਦਾ ਹੈ ਅਤੇ ਉਸਦੇ ਦੇਖਭਾਲ ਤੇ ਆਏ ਖਰਚੇ ਦੀ ਭਰਭਾਈ ਉਸਦੇ ਮਾਲਕ ਤੋਂ ਕੀਤੀ ਜਾਂਦੀ ਹੈ।
ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਦਿਨੇਸ਼ ਮੋਦੀ, ਨਰੇਸ਼ ਚਾਵਲਾ, ਸੋਨੂ ਵਰਮਾ, ਮਨੀਸ਼ ਕੁਮਾਰ, ਨਿਰਮਲ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜਗਦੀਪ ਸਹਿਗਲ, ਗੁਰਵਿੰਦਰ ਸਿੰਘ, ਸੁਦਾਮਾ ਗਿਰੀ ਆਦਿ ਵੀ ਹਾਜ਼ਰ ਸਨ।