ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਤਲਾਸ਼ੀ ਮੁਹਿੰਮ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ 2025 : ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਤੁਸ਼ਾਰ ਗੁਪਤਾ ਦੀਆਂ ਹਦਾਇਤਾਂ ਤੇ ਆਉਣ ਵਾਲੀ 26 ਜਨਵਰੀ ਨੂੰ ਮੁੱਖ ਰੱਖਦਿਆਂ ਗਣਤੰਤਰ ਦਿਵਸ ਮੌਕੇ ਰੇਲਵੇ ਸਟੇਸ਼ਨ ਤੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਪੀ.ਸੀ.ਆਰ ਮੋਟਰਸਾਇਕਲ ਪੁਲਿਸ ਪਾਰਟੀਆਂ ਵੱਲੋਂ ਗਸ਼ਤ ਅਤੇ ਡਰੋਨ ਕੈਮਰਿਆਂ ਰਾਹੀ ਸ਼ਹਿਰ ਅੰਦਰ ਨਿਗ੍ਹਾ ਰੱਖੀ ਜਾ ਰਹੀ ਹੈ। ਇਸੇ ਤਹਿਤ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਏਰੀਏ ਵਿੱਚ ਪੈਂਦੇ ਸਮੂਹ ਰੇਲਵੇ ਸਟੇਸ਼ਨਾਂ ਵਿਖੇ ਸਰਚ ਅਭਿਆਨ ਚਲਾਇਆ ਗਿਆ।
ਇਸ ਮੌਕੇ ਸ.ਸਤਨਾਮ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ) , ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਜਿਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅਲੱਗ ਅਲੱਗ ਟੁਕੜੀਆਂ ਬਣਾ ਕੇ ਰੇਲਵੇ ਸਟੇਸ਼ਨ ਸ਼੍ਰੀ ਮੁਕਤਸਰ ਸਾਹਿਬ ਤੇ ਸਰਚ ਅਪ੍ਰੈਸ਼ਨ ਚਲਾਇਆ ਗਿਆ। ਇਸ ਮੌਕੇ ਪਾਇਸ ਐਪ ਦੀ ਵਰਤੋਂ ਨਾਲ ਸ਼ੱਕੀ ਪੁਰਸ਼ਾਂ ਨੂੰ ਚੈੱਕ ਕੀਤਾ ਗਿਆ। ਰੇਲਵੇ ਸਟੇਸ਼ਨਾਂ ਅਤੇ ਪਾਰਕਿੰਗ ਵਿੱਚ ਵਹੀਕਲਾਂ ਦੀ ਵਾਹਨ ਐਪ ਰਾਹੀਂ ਜਾਂਚ ਕੀਤੀ ਗਈ।
ਇਸ ਮੌਕੇ ਸ. ਸਤਨਾਮ ਸਿੰਘ ਡੀ.ਐਸ.ਪੀ(ਸ੍ਰੀ ਮੁਕਤਸਰ ਸਾਹਿਬ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮੁੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਵਿੱਖੇ ਸਰਚ ਅਪ੍ਰੈਸ਼ਨ ਚਲਾਇਆ ਗਿਆ ਜਿਸ ਤੇ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਨੂੰ ਜਾਂਦੇ ਹੋਏ ਰਸਤਿਆਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਬਾਅਦ ਸਟੇਸ਼ਨ ਅੰਦਰ ਬੈਗ, ਲਵਾਰਿਸ ਸਮਾਨ, ਪਾਰਕਿੰਗ ਵਿਚ ਲੰਮੇ ਸਮੇਂ ਤੋਂ ਖੜੇ ਵਹੀਕਲਾਂ ਅਤੇ ਬਿਨਾਂ ਨੰਬਰ ਪਲੇਟ ਦੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ। ਉਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆਂ ਨਹੀ ਜਾਵੇਗਾ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਸਪੰਰਕ ਕਰ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।