ਨਵਾਂਸ਼ਹਿਰ ਦੇ ਇਤਿਹਾਸਕ ਬਾਰਾਦਰੀ ਬਾਗ਼ ਦੀ ਹੋਵੇਗੀ ਕਾਇਆ ਕਲਪ - ਮਲਵਿੰਦਰ ਸਿੰਘ ਕੰਗ
- ਲੋਕ ਸਭਾ ਮੈਂਬਰ ਨੇ ਬਾਰਾਦਰੀ ਬਾਗ਼ ਲਾਇਬ੍ਰੇਰੀ ਦੇ ਨਵੀਨੀਕਰਨ ਦੇ ਕੰਮ ਦਾ ਕੀਤਾ ਆਗਾਜ਼
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 10 ਜਨਵਰੀ,2025 - ਨਵਾਂਸ਼ਹਿਰ ਦੇ ਵਿਰਾਸਤੀ ਸਥਾਨ ਬਾਰਦਾਰੀ ਬਾਗ਼ ਦੀ ਕਾਇਆ ਕਲਪ ਕੀਤੀ ਜਾਵੇਗੀ। ਇਹ ਪ੍ਰਗਟਾਵਾ ਮੈਂਬਰ ਲੋਕ ਸਭਾ ਮਲਵਿੰਦਰ ਸਿੰਘ ਕੰਗ ਨੇ ਅੱਜ ਬਾਗ ਵਿਚਲੀ ਲਾਇਬ੍ਰੇਰੀ ਦੇ ਨਵੀਨੀਕਰਨ ਦੇ ਕੰਮ ਦਾ ਨੀਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ਨੂੰ ਵਾਈ-ਫਾਈ, ਨਵੇਂ ਫਰਨੀਚਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਵਿਚ ਕਰੀਬ 200 ਸਾਲ ਦਾ ਇਤਿਹਾਸ ਸਮੋਈ ਬੈਠੇ ਇਸ ਇਤਿਹਾਸਕ ਬਾਗ਼ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਐਮ.ਪੀ ਲੈਡ ਫੰਡ ਵਿਚੋਂ ਖ਼ਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਗ਼ ਦੀ ਦਿੱਖ ਸੁਧਾਰਨ ਲਈ ਜਿੰਨੇ ਵੀ ਫੰਡ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਹਿਤ ਬਾਗ਼ ਵਿਚ ਮੌਜੂਦ ਇਮਾਰਤਾਂ, ਪਾਰਕ, ਸੈਰਗਾਹ, ਫੁਹਾਰਿਆਂ, ਬੱਚਿਆਂ ਦੇ ਝੂਲਿਆਂ ਆਦਿ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਬਗੀਚੇ ਨੂੰ ਖ਼ੂਬਸੂਰਤ ਅਤੇ ਹੋਰ ਹਰਿਆ-ਭਰਿਆ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਗਵਾਹ ਇਸ ਬਾਰਾਦਰੀ ਬਾਗ਼ ਦਾ ਇਕ ਅਮੀਰ ਇਤਿਹਾਸ ਹੈ ਅਤੇ ਇਸ ਨੂੰ ਸ਼ਹਿਰ ਦੀ ਵਿਰਾਸਤ ਵਜੋਂ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੇਂਦਰ ਵਿਚ ਕਰੀਬ ਪੰਜ ਏਕੜ ਵਿਚ ਫੈਲੀ ਇਹ ਖ਼ੂਬਸੂਰਤ ਜਗ੍ਹਾ ਜਿਥੇ ਲੋਕਾਂ ਦੇ ਨਾਲ-ਨਾਲ ਬਜ਼ੁਰਗਾਂ ਅਤੇ ਔਰਤਾਂ ਲਈ ਬੈਠਣ ਅਤੇ ਸਵੇਰ ਅਤੇ ਸ਼ਾਮ ਦੀ ਸੈਰ ਕਰਨ ਲਈ ਆਪਣੇ ਰੁਝੇਵਿਆਂ ਨੂੰ ਵਧਾਉਣ ਲਈ ਇਕ ਵਧੀਆ ਜਗ੍ਹਾ ਹੈ, ਉਥੇ ਬੱਚਿਆਂ ਦੇ ਖੇਡਣ ਲਈ ਵੀ ਇਹ ਇਕ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਸ ਵਿਰਾਸਤੀ ਸਥਾਨ ਦੀ ਨਿਰੰਤਰ ਸਾਂਭ-ਸੰਭਾਲ ਅਤੇ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਪਹਿਲਕਦਮੀ ਸਦਕਾ ਇਹ ਕੰਮ ਹੋਣ ਜਾ ਰਿਹਾ ਹੈ।
ਇਸ ਮੌਕੇ ਐਮ ਐਲ ਏ ਬਲਾਚੌਰ ਸੰਤੋਸ਼ ਕਟਾਰੀਆ, ਐਮ ਐਲ ਏ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਐਸ.ਐਸ.ਪੀ ਡਾ. ਮਹਿਤਾਬ ਸਿੰਘ, ਵਾਈਸ ਚੇਅਰਮੈਨ ਪੰਜਾਬ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਲਲਿਤ ਮੋਹਨ ਪਾਠਕ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ, ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿ ਡਾ.ਅਕਸ਼ਿਤਾ ਗੁਪਤਾ ਮੌਜੂਦ ਸਨ।