ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਨੂੰ ਐਂਬੂਲੈਂਸ ਦੇਣ ਅਤੇ ਨਵਾਂ ਹੋਸਟਲ ਬਣਾਉਣ ਦਾ ਕੀਤਾ ਐਲਾਨ
- ਸਿਵਲ ਹਸਪਤਾਲ ਦਾ ਕੀਤਾ ਦੌਰਾ
- ਸਿਵਲ ਹਸਪਤਾਲ ਵਿਖੇ ਆਉਣ ਵਾਲੇ ਹਰ ਮਰੀਜ ਦਾ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ ਆਯੁਸ਼ਮਾਨ ਕਾਰਡ
- ਅਲਟਰਾ ਸਾਉਂਡ, ਐਕਸਰੇ ਮਸ਼ੀਨ, ਐਮਰਜੈਂਸੀ ਵਾਰਡ ਦੇ ਵਿਸਥਾਰ ਤੇ ਨਵੇਂ ਉਪਕਰਣਾਂ ਨਾਲ ਬੁਨਿਆਦੀ ਮੈਡੀਕਲ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ
ਅੰਮ੍ਰਿਤਸਰ, 10 ਜਨਵਰੀ 2025 - ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ ਜਲਿਆਂਵਾਲਾ ਬਾਗ ਸਿਵਲ ਹਸਪਤਾਲ ਅੰਮ੍ਰਿਤਸਰ ਦਾ ਦੌਰਾ ਕਰਕੇ ਵਾਰਡਾਂ ਦਾ ਨਰੀਖਣ ਕੀਤਾ ਅਤੇ ਮਰੀਜਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਰਾਜ ਸਭਾ ਮੈਂਬਰ ਨੇ ਹਸਪਤਾਲ ਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਯੋਜਨਾਵਾਂ ਦੀ ਰੂਪ-ਰੇਖਾ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਸਿਵਲ ਸਰਜਨ ਡਾ: ਕਿਰਨਦੀਪ ਕੌਰ, ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ, ਐਸ:ਐਮ:ਓ ਡਾ: ਸਵਰਣਜੀਤ ਧਵਨ ਅਤੇ ਡਾ ਰਸ਼ਮੀ ਵਿੱਜ, ਐਕਸੀਅਨ ਇੰਦਰਜੀਤ ਸਿੰਘ, ਐਕਸੀਅਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰ ਸੁਖਚੈਨ ਸਿੰਘ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸ੍ਰੀ ਸੰਜੀਵ ਅਰੋੜਾ ਨੇ ਸਿਵਲ ਹਸਪਾਤਲ ਅੰਮ੍ਰਿਤਸਰ ਨੂੰ ਇਕ ਨਵੀਂ ਐਂਬੂਲੈਂਸ ਅਤੇ ਨਵਾਂ ਹੋਸਟਲ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਹਪਸਤਾਲ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਅਰੋੜਾ ਨੇ ਹਸਪਤਾਲ ਵਿੱਚ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਦੇ ਹੱਲ ਲਈ ਪੁਰਾਣੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਦੇ ਨਿਰਦੇਸ਼ ਦੇਣ ਦੇ ਨਾਲ-ਨਾਲ ਪੂਰੇ ਹਸਪਤਾਲ ਵਿੱਚ ਨਵੇਂ ਟਾਇਲਟ ਬਲਾਕ ਬਣਾਉਣ ਨੂੰ ਪ੍ਰਵਾਨਗੀ ਦਿੱਤੀ। ਹਸਪਤਾਲ ਵਿੱਚ ਕਰਵਾਏ ਜਾਣ ਵਾਲੇ ਹੋਰ ਕੰਮਾਂ ਵਿੱਚ ਪੇਂਟਿੰਗ, ਨਵਾਂ ਫਰਸ਼, ਟਾਈਲਾਂ ਲਾਉਣਾ, ਛੱਤ ਦੀ ਵਾਟਰਪਰੂਫਿੰਗ, ਬਿਜਲੀ ਦੀਆਂ ਤਾਰਾਂ ਬਦਲਣਾ ਅਤੇ ਸਾਈਨ ਬੋਰਡਾਂ ਦੀ ਸਥਾਪਨਾ ਸ਼ਾਮਲ ਹੈ।
ਰਾਜ ਸਭਾ ਮੈਂਬਰ ਨੇ ਸਿਵਲ ਹਸਪਤਾਲ ਦੀਆਂ ਮੰਗਾਂ ਤੇ ਚਰਚਾ ਕਰਦਿਆਂ ਕਿਹਾ ਕਿ ਫਾਇਰ ਸੇਫਟੀ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ ਅਤੇ ਹਪਸਤਾਲ ਅੰਦਰ ਫਾਇ ਸੇਫਟੀ ਦਾ ਹਰ ਸਮੇਂ ਠੀਕ ਰਹਿਣਾ ਬਹੁਤ ਹੀ ਜਰੂਰੀ ਤਾਂ ਜੋ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਆਪਰੇਸ਼ਨ ਥੀਏਟਰਾਂ ਨੂੰ ਆਲ ਵੇਦਰ ਸਿਸਟਮ ਅਨਕੂਲ ਬਣਾਇਆ ਜਾਵੇਗਾ ਅਤੇ ਹਸਪਤਾਲ ਦੀਆਂ ਲਿਫਟਾਂ, ਦਿਵਆਂਗ ਵਿਅਕਤੀਆਂ ਨਹੀ ਵਾਸ਼ ਰੂਮ, ਹਰ ਸੁਵਿਧਾ ਨਾਲ ਲੈਸ ਲੈਬ ਵੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਇਸ ਅਪਗ੍ਰੇਡੇਸ਼ਨ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ ਤਾਂ ਜੋ ਐਮਪੀਲੈਡਸ ‘ਚੋਂ ਸਮੇਂ ਸਿਰ ਫੰਡ ਜਾਰੀ ਕੀਤੇ ਜਾ ਸਕਣ।
ਸਿਹਤ ਸੰਭਾਲ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਸ਼੍ਰੀ ਅਰੋੜਾ ਨੇ ਸਿਹਤ ਅਧਿਕਾਰੀਆਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਦੀ ਅਪੀਲ ਕੀਤੀ ਤਾਂ ਜੋ ਯੋਗ ਲਾਭਪਾਤਰੀ ਮੁਫ਼ਤ ਸਿਹਤ ਸੇਵਾਵਾਂ ਤੱਕ ਪਹੁੰਚ ਕਰ ਸਕਣ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਮਰੀਜ ਹਸਪਤਾਲ ਵਿਖੇ ਆਪਣਾ ਇਲਾਜ ਕਰਵਾਉਣ ਲਈ ਆਉਂਦਾ ਹੈ ਦਾ ਆਯੂਸ਼ਮਾਨ ਕਾਰਡ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ। ਉਨ੍ਹਾਂ ਐਮਰਜੈਂਸੀ ਵਾਰਡ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ਇਸ ਦੇ ਵਿਸਥਾਰ ਲਈ ਯੋਜਨਾ ਉਲੀਕਣ ਦੇ ਨਿਰਦੇਸ਼ ਦਿੱਤੇ।
ਅਰੋੜਾ ਨੇ ਕਿਹਾ ਕਿ ਸਿਹਤ ਸੰਭਾਲ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਰਕਾਰ ਨੇ ਇਸ ਖੇਤਰ ਵਿੱਚ ਪਹਿਲਾਂ ਹੀ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਇਨ੍ਹਾਂ ਪ੍ਰਾਜੈਕਟਾਂ ਲਈ ਲੋੜੀਂਦੇ ਫੰਡਾਂ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੇ ਮਰੀਜ਼ਾਂ ਨੂੰ ਲਾਭ ਪਹੁੰਚਾਉਣ ਲਈ ਸਰੋਤਾਂ ਦੀ ਸੁਚੱਜੀ ਵਰਤੋਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀਆਂ ਇੱਕ ਵਾਰ ਲਾਗੂ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ ਵਿੱਚ ਹੋਰ ਵਾਧਾ ਹੋਵੇਗਾ।
ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਸੰਭਾਲ ਸਬੰਧੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕਈ ਮਹੱਤਵਪੂਰਣ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਨੇ ਰਾਜ ਸਭਾ ਮੈਂਬਰ ਨੂੰ ਇਨ੍ਹਾਂ ਨਵੇਂ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਭਰੋਸਾ ਵੀ ਦਿੱਤਾ।
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਮੁਨੀਸ਼ ਅਗਰਵਾਲ, ਡਿਪਟੀ ਮੀਡੀਆ ਮਾਸ ਅਫਸਰ ਸ੍ਰ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।