ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਮੋਗਾ ਵੱਲੋਂ 14 ਜਨਵਰੀ ਨੂੰ ਮਨਾਇਆ ਜਾਵੇਗਾ ਵੈਟਰਨ ਡੇ
- 15,16 ਜਨਵਰੀ ਨੂੰ ਲਗਾਏ ਜਾਣਗੇ ਸਪਰਸ਼ ਕੈਂਪ
- ਕੈਂਪਾਂ ਵਿੱਚ ਸਾਬਕਾ ਸੈਨਿਕ ਪੈਨਸ਼ਨਰਜ/ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ ਦੀ ਫੈਮਿਲੀ ਪੈਨਸ਼ਨਰ ਦੀ ਲਗਾਈ ਜਾਵੇਗੀ ਸਾਲਾਨਾ ਹਾਜ਼ਰੀ
ਮੋਗਾ, 10 ਜਨਵਰੀ 2025 - ਲੈਫਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ (ਰਿਟਾ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਮੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 14 ਜਨਵਰੀ, 2025 ਨੂੰ ਵੈਟਰਨ ਡੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜਿਸ ਵੀ ਸਾਬਕਾ ਸੈਨਿਕ ਪੈਨਸ਼ਨਰਜ/ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ ਦੀ ਫੈਮਿਲੀ ਪੈਨਸ਼ਨਰ ਦੀ ਮਹੀਨਾ ਜਨਵਰੀ-2025 ਵਿੱਚ ਹਾਜ਼ਰੀ ਲੱਗਣਯੋਗ ਹੈ, ਉਹਨਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਮੋਗਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਸਾਲਾਨਾ ਹਾਜ਼ਰੀ) ਸਬੰਧੀ ਮਿਤੀ 15 ਜਨਵਰੀ ਅਤੇ 16 ਜਨਵਰੀ, 2025 ਨੂੰ ਦੋ ਦਿਨਾਂ ਸਪਰਸ਼ ਕੈਂਪ ਲਗਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਜਿਹਨਾਂ ਪੈਨਸ਼ਨਰ ਸਾਬਕਾ ਸੈਨਿਕਾਂ/ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਦਾ ਸਪਰਸ਼ ਪ੍ਰਣਾਲੀ ਰਾਹੀਂ ਮਹੀਨਾ ਜਨਵਰੀ-2025 ਦਾ ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ ਅਪਲੋਡ ਹੋਣਾ ਡਿਊ ਹੈ, ਉਹ ਆਪਣਾ ਸਰਟੀਫਿਕੇਟ ਅਪਲੋਡ ਕਰਵਾ ਸਕਦੇ ਹਨ। ਸਰਟੀਫਿਕੇਟ ਅਪਲੋਡ ਕਰਵਾਉਣ ਲਈ ਫੌਜ਼ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ, ਬੈਂਕ ਪਾਸ ਬੁੱਕ, ਸਮੇਤ ਆਪਣਾ ਮੋਬਾਇਲ, ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ਼ ਆਉਂਦਾ ਹੈ, ਲੋੜੀਂਦੇ ਹਨ। ਉਹਨਾਂ ਇਸ ਸਪਰਸ਼ ਕੈਂਪ ਵਿੱਚ ਜ਼ਿਲ੍ਹੇ ਦੇ ਸਾਬਕਾ ਸੈਨਕਾਂ/ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਨੂੰ ਹਾਜ਼ਰ ਹੋਣ ਦਾ ਹਾਰਦਿਕ ਸੱਦਾ ਦਿੱਤਾ ।