ਏਟੀਐਮ ਬਦਲ ਕੇ ਲੱਖ ਤੋਂ ਵੱਧ ਰੁਪਏ ਕਢਵਾਏ
ਮਲਕੀਤ ਸਿੰਘ ਮਲਕਪੁਰ
ਲਾਲੜੂ 9 ਜਨਵਰੀ 2025: ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਕਿਨਾਰੇ ਨੇੜੇ ਪੈਟਰੋਲ ਪੰਪ ਨਾਲ ਬਣੇ ਏਟੀਐਮ ਬੂਥ ਵਿੱਚੋਂ ਪੈਸੇ ਕਢਵਾਉਣ ਗਏ ਇੱਕ ਵਿਅਕਤੀ ਦਾ ਕਾਰਡ ਬਦਲ ਕੇ ਇੱਕ ਠੱਗ ਵਿਅਕਤੀ ਵੱਲੋਂ ਪੈਸੇ ਕਢਵਾ ਲਏ ਹਨ, ਜਿਸ ਸਬੰਧੀ ਪੀੜਤ ਵਿਅਕਤੀ ਜੈ ਸਿੰਘ ਪਿੰਡ ਸਿਤਾਰਪੁਰ ਜੋ ਪਿੰਡ ਸਿਤਾਰਪੁਰ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਦੇ ਪਿਤਾ ਹਨ, ਨੇ ਥਾਣਾ ਲਾਲੜੂ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ। ਜੈ ਸਿੰਘ ਨੇ ਦੱਸਿਆ ਕਿ ਉਸ ਦਾ ਖਾਤਾ ਅੰਬਾਲਾ ਦੀ ਐਸਬੀਆਈ ਬਰਾਂਚ ਵਿੱਚ ਚੱਲ ਰਿਹਾ ਹੈ ਅਤੇ ਉਹ ਬੀਤੀ 6 ਜਨਵਰੀ ਨੂੰ ਆਪਣਾ ਏਟੀਐਮ ਕਾਰਡ ਲੈ ਕੇ ਪੈਟਰੋਲ ਪੰਪ ਨੇੜੇ ਲੱਗੇ ਇੱਕ ਏਟੀਐਮ ਬੂਥ ਵਿੱਚੋਂ ਪੈਸੇ ਕਢਵਾਉਣ ਲਈ ਗਿਆ ਸੀ, ਜਿੱਥੇ ਪਹਿਲਾਂ ਹੀ ਇੱਕ ਵਿਅਕਤੀ ਮੌਜੂਦ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਏਟੀਐਮ ਕਾਰਡ ਪਾ ਕੇ 5 ਹਜ਼ਾਰ ਰੁਪਏ ਕਢਵਾਏ ਅਤੇ ਜਾਣ ਲੱਗਾ ਤਾਂ ਉਥੇ ਮੌਜੂਦ ਵਿਅਕਤੀ ਨੇ ਹੱਥ ਮਾਰ ਕੇ ਕਾਰਡ ਨੂੰ ਥੱਲੇ ਗਿਰਾ ਦਿੱਤਾ ਤੇ ਇੰਨੀ ਦੇਰ ਵਿੱਚ ਹੀ ਉਸ ਨੇ ਆਪਣੇ ਕੋਲੋ ਐਸਬੀਆਈ ਦਾ ਉਸੇ ਤਰ੍ਹਾਂ ਦਾ ਕਾਰਡ ਉਸ ਨੂੰ ਫੜਾ ਦਿੱਤਾ ਅਤੇ ਉਹ ਕਾਰਡ ਲੈ ਕੇ ਆਪਣੇ ਘਰ ਆ ਗਿਆ। ਜਦੋਂ ਉਹ 7 ਜਨਵਰੀ ਨੂੰ ਉਹ ਅੰਬਾਲਾ ਐਸਬੀਆਈ ਵਿੱਚ ਕਿਸੇ ਕੰਮ ਲਈ ਗਿਆ ਤਾਂ ਵੇਖਿਆ ਤਾਂ ਉਸ ਦੇ ਖਾਤੇ ਵਿੱਚੋਂ 1 ਲੱਖ 300 ਰੁਪਏ ਗਾਇਬ ਸਨ। ਉਸ ਨੇ ਦੱਸਿਆ ਕਿ ਜਦੋਂ ਤੱਕ ਉਸ ਨੇ ਆਪਣਾ ਕਾਰਡ ਬੰਦ ਕਰਵਾਇਆ ਤਾਂ ਉਦੋਂ ਤੱਕ ਉਸ ਠੱਗ ਵਿਅਕਤੀ ਨੇ ਉਸ ਦੇ ਖਾਤੇ ਵਿੱਚੋਂ 1 ਲੱਖ 300 ਰੁਪਏ ਕਢਵਾ ਲਏ ਸਨ, ਜਿਸ ਵਿੱਚੋਂ 6 ਜਨਵਰੀ ਨੂੰ 60 ਹਜ਼ਾਰ 300 ਰੁਪਏ ਅਤੇ 7 ਜਨਵਰੀ ਨੂੰ 40 ਹਜ਼ਾਰ ਰੁਪਏ ਕਢਵਾਏ ਹਨ। ਜੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਠੱਗੀ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਲਾਲੜੂ ਨੂੰ ਦੇ ਦਿੱਤੀ ਹੈ ਅਤੇ ਏਟੀਐਮ ਬੂਥ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਸ ਦੇ ਪੈਸੇ ਵਾਪਸ ਦਿਵਾਉਣ ਦੀ ਵੀ ਮੰਗ ਕੀਤੀ ਹੈ। ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਲਾਲੜੂ ਦੇ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਹ ਜਲਦ ਹੀ ਏਟੀਐਮ ਬੂਥ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੇ ਅਧਾਰ ਉੱਤੇ ਅਗਲੀ ਕਾਰਵਾਈ ਕਰਨਗੇ।
ਵਧੇਰੇ ਏਟੀਐਮ ਬੂਥ ਬਿਨ੍ਹਾਂ ਸੁਰੱਖਿਆ ਗਾਰਡਾਂ ਤੋਂ ਰਹਿੰਦੇ ਨੇ ਖੁੱਲੇ
ਜੈ ਸਿੰਘ ਦੇ ਪੁੱਤਰ ਸਾਬਕਾ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਲਾਲੜੂ ਮੰਡੀ ਵਿੱਚ ਥਾਂ-ਥਾਂ ਏਟੀਐਮ ਖੋਲ੍ਹ ਦਿੱਤੇ ਹਨ, ਪਰ ਵਧੇਰੇ ਏਟੀਐਮ ਬੂਥ ਵਿੱਚ ਸੁਰੱਖਿਆ ਗਾਰਡ ਤੈਨਾਤ ਨਹੀਂ ਕੀਤਾ ਹੋਇਆ, ਜਿਸ ਕਾਰਨ ਨਿੱਤ ਦਿਨ ਆਮ ਲੋਕਾਂ ਨਾਲ ਇਸ ਤਰ੍ਹਾਂ ਦੀ ਠੱਗੀ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨ ਅਤੇ ਰਾਤ ਵੇਲੇ ਵਧੇਰੇ ਏਟੀਐਮ ਰੱਬ ਆਸਰੇ ਰਹਿੰਦੇ ਹਨ, ਜਿਨ੍ਹਾਂ ਉੱਤੇ ਕੋਈ ਵੀ ਸੁਰੱਖਿਆ ਗਾਰਡ ਤੈਨਾਤ ਨਹੀਂ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਏਟੀਐਮ ਬੂਥਾਂ ਵਿੱਚ ਸੁਰੱਖਿਆ ਗਾਰਡ ਜ਼ਰੂਰ ਤੈਨਾਤ ਕਰਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਿਸ ਏਟੀਐਮ ਬੂਥ ਵਿੱਚ ਸੁਰੱਖਿਆ ਗਾਰਡ ਤੈਨਾਤ ਨਹੀਂ ਤਾਂ ਉਹ ਬੈਂਕ ਵਾਲਿਆਂ ਖਿਲਾਫ ਕਾਰਵਾਈ ਜ਼ਰੂਰ ਕਰਨ।