ਭਾਈਵਾਲਤਾ ਦਾ ਮਾਹੌਲ ਸਿਰਜ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ‘ਤੇ ਹੱਲ ਕੀਤਾ ਜਾਵੇਗਾ: ਡੀ.ਆਈ.ਜੀ ਹਰਚਰਨ ਸਿੰਘ ਭੁੱਲਰ
ਮੋਰਿੰਡਾ, 9 ਜਨਵਰੀ 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਸੰਪਰਕ ਅਧੀਨ ਅੱਜ ਜ਼ਿਲ੍ਹਾ ਰੂਪਨਗਰ ਦੇ ਬਲਾਕ ਮੋਰਿੰਡਾ ਦੇ ਰੰਗੀ ਪੈਲੇਸ ਵਿਖੇ ਡੀ.ਆਈ.ਜੀ ਰੂਪਨਗਰ ਰੇਂਜ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਪੁਲਿਸ ਵਲੋਂ ਆਮ ਲੋਕਾਂ ਨਾਲ ਤਾਲਮੇਲ ਵਧਾਉਣ ਲਈ ਮੀਟਿੰਗ ਕੀਤੀ ਗਈ।
ਡੀ.ਆਈ.ਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਪੰਜਾਬ ਪੁਲਿਸ ਦਾ ਲੋਕਾਂ ਨਾਲ ਨੇੜਤਾ ਵਧਾਉਣੀ ਅਤੇ ਭਾਈਵਾਲਤਾ ਦਾ ਮਾਹੌਲ ਸਿਰਜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਉਤੇ ਹੱਲ ਕਰਨਾ ਹੈ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਅਪਰਾਧਾਂ, ਨਸ਼ਿਆਂ ਤੇ ਗੈਰ ਸਮਾਜਿਕ ਤੱਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਸ ਟੀਚੇ ਨਾਲ ਅਸੀਂ ਸਾਰੇ ਇਕੱਠੇ ਤੇ ਇਕਮਤ ਹੋ ਕੇ ਮਿਸਾਲ ਪੈਦਾ ਕਰਦੇ ਹੋਏ ਆਪਸੀ ਭਾਈਚਾਰੇ ਨੂੰ ਵਧਾਉਣਾ ਹੈ। ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਸ ਮੌਕੇ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਤੁਰੰਤ ਕਰਵਾਈ ਅਮਲ ਵਿਚ ਲਿਆਉਣ ਦੀ ਹਿਦਾਇਤ ਵੀ ਜਾਰੀ ਕੀਤੀ।
ਮੀਟਿੰਗ ਦੌਰਾਨ ਮੋਰਿੰਡਾ ਸ਼ਹਿਰ ਤੇ ਪਿੰਡਾਂ ਦੀਆਂ ਪਹੁੰਚੀਆਂ ਮੋਹਤਬਰ ਲੋਕਾਂ ਨੇ ਸ਼ਹਿਰ ਦੇ ਮੁੱਦਿਆਂ ਉਤੇ ਵਿਚਾਰ ਕਰਦਿਆਂ ਸੜਕਾਂ ਉਤੇ ਵੱਧ ਤੋਂ ਵੱਧ ਸੀ.ਸੀ .ਟੀ ਵੀ ਕੈਮਰੇ ਲਗਾਉਣ ਲਈ ਅਪੀਲ ਕੀਤੀ। ਸ਼ਹਿਰ ਦੀ ਹੋਰ ਸਮੱਸਿਆ ਬਾਰੇ ਵਿਚਾਰ ਕਰਦਿਆਂ ਪਹੁੰਚੀਆਂ ਸ਼ਖਸੀਤਾਂ ਵਲੋਂ ਸ਼ਹਿਰ ਵਿਚ ਨਸ਼ੇ ਦੀ ਸਮੱਸਿਆ ਨੂੰ ਕਾਬੂ ਕਰਨ ਦੀ ਥਾਂ ਉਸ ਨੂੰ ਜੜੋਂ ਪੁੱਟਣ ਦੀ ਅਪੀਲ ਕੀਤੀ।
ਸ. ਹਰਚਰਨ ਸਿੰਘ ਨੇ ਨਸ਼ੇ ਦੀ ਜੜ ਨੂੰ ਪੁੱਟਣ ਲਈ ਇਲਾਕਾ ਵਾਸੀਆ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਸ਼ੇ ਦੀ ਜੜ ਨੂੰ ਆਮ ਲੋਕਾਂ ਦੀ ਮੱਦਦ ਤੋਂ ਬਿਨ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਐੱਸ.ਐੱਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਸਾਈਬਰ ਠੱਗੀਆਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਸਾਈਬਰ ਪੁਲਿਸ ਸਟੇਸ਼ਨ ਖੋਲੇ ਗਏ ਹਨ, ਜੇਕਰ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਆਨਲਾਈਨ ਧੋਖੇਬਾਜ਼ੀ ਹੁੰਦੀ ਹੈ ਤਾਂ ਉਹ ਆਪਣੀ ਸ਼ਿਕਾਇਤ ਨਜਦੀਕੀ ਸਾਈਬਰ ਸਟੇਸ਼ਨ ਜਾਂ 1930 ਹੈਲਪਲਾਈਨ ਉਤੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਨਸ਼ਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇਣ ਲਈ ਸੇਫ ਪੰਜਾਬ ਹੈਲਪ ਲਾਈਨ 97791-00200 ਵਟਸਐਪ ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨੰਬਰ ਉਤੇ ਸ਼ਿਕਾਇਤ ਕਰਨ ਵਾਲੇ ਦਾ ਨੰਬਰ, ਪਤਾ ਅਤੇ ਨਾਮ ਨੂੰ ਗੁਪਤ ਰੱਖਿਆ ਜਾਂਦਾ ਹੈ।
ਇਸ ਮੌਕੇ ਐੱਸ ਪੀ ਰਾਜਪਾਲ ਸਿੰਘ ਹੁੰਦਲ, ਡੀ ਐਸ ਪੀ ਜਤਿੰਦਰਪਾਲ ਪਾਲ ਸਿੰਘ, ਐਸ ਐਚ ਓ ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।