ਬਟਾਲਾ ਪੁਲਿਸ ਵਲੋਂ ਪਿੰਡ ਪੰਜਗਰਾਈਆਂ ਵਿਖੇ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਸੈਮੀਨਾਰ
- ਕਿਹਾ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲੇ ਨੂੰ ਹੋਵੇਗੀ ਪੰਜ ਸਾਲ ਦੀ ਕੈਦ ਇਕ ਲੱਖ ਰੁਪਏ ਜੁਰਮਾਨਾ
ਰੋਹਿਤ ਗੁਪਤਾ
ਬਟਾਲਾ, 9 ਜਨਵਰੀ 2025 - ਐਸ. ਐਸ. ਪੀ, ਸ੍ਰੀ ਸੁਹੇਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਜੇਸ਼ ਕੁਮਾਰ ਕੱਕੜ ਡੀ ਐਸ ਪੀ ਬਟਾਲਾ,ਗਗਨਦੀਪ ਸਿੰਘ, ਐਸ ਐਚ ਓ ਰੰਗੜ ਨੰਗਲ ਅਤੇ ਰਣਜੀਤ ਸਿੰਘ, ਚੌਂਕੀ ਇੰਚਾਰਜ ਪੰਜਗਰਾਈਆਂ ਪੁਲਿਸ ਜਿਲਾ ਬਟਾਲਾ ਵੱਲੋਂ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ।
ਪਿੰਡ ਪੰਜਗਰਾਈਆਂ ਵਿਖੇ ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਪਤੰਗਬਾਜ਼ੀ ਲਈ ਚਾਈਨਾ ਡੋਰ (ਸਿੰਥੈਟਿਕ ਡੋਰ) ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ।
ਉਹਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਿੱਕਰੀ ਤੇ ਵਰਤੋਂ ਨੂੰ ਰੋਕਣ ਲਈ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਉਹਨਾਂ ਚਾਈਨਾ ਡੋਰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ ਪਲਾਸਟਿਕ/ਸਿੰਥੈਟਿਕ ਡੋਰ ਦੀ ਵਿੱਕਰੀ ਜਾਂ ਵਰਤੋਂ ਕਰੇਗਾ ਉਸ ਖਿਲਾਫ਼ ਧਾਰਾ 188 ਦੇ ਨਾਲ-ਨਾਲ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15 ਤਹਿਤ ਕਾਨੂੰਨੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤਹਿਤ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਉਨਾਂ ਸਾਈਬਰ ਕ੍ਰਾਈਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਣਪਛਾਤੇ ਲੋਕਾਂ ਵੱਲੋਂ ਤੁਹਾਨੂੰ ਬਹੁਤ ਸਾਰੇ ਫੋਨ ਆਉਂਦੇ ਹੋਣਗੇ, ਉਨਾਂ ਫੋਨ ਕਾਲਾਂ ਨੂੰ ਰਸੀਵ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਉਹਨਾਂ ਨਾਲ ਓ ਟੀ ਪੀ ਜਾਂ ਹੋਰ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਅਗਰ ਫਿਰ ਵੀ ਕੋਈ ਗਲਤੀ ਹੋ ਜਾਂਦੀ ਹੈ ਤਾਂ ਤੁਰੰਤ 1912 ਟੋਲ ਫਰੀ ਨੰਬਰ 'ਤੇ ਸੰਪਰਕ ਕਰਕੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਪਿੰਡ ਵਾਸੀ ਸੁਖਰਾਜ ਸਿੰਘ ਲਾਲੀ ਅਤੇ ਅਵਤਾਰ ਸਿੰਘ ਬੱਲ ਦੇ ਨਸ਼ਿਆਂ ਪ੍ਰਤੀ ਚਿੰਤਤ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਬੇਸ਼ਕ ਨਸ਼ਾ, ਸਾਡੇ ਸੱਭਿਅਕ ਸਮਾਜ ਲਈ ਇਕ ਵੱਡਾ ਕੋਹੜ ਹੈ, ਇਸਦੇ ਖ਼ਾਤਮੇ ਲਈ ਹੀ ਸਾਡੀ ਪੁਲਿਸ ਫੋਰਸ ਵੱਲੋਂ ਸੰਪਰਕ ਪ੍ਰੋਗਰਾਮ ਤਹਿਤ ਜਗ੍ਹਾ ਜਗ੍ਹਾ ਸੈਮੀਨਾਰ ਲਗਾਏ ਜਾ ਰਹੇ ਹਨ । ਨਸ਼ਾ ਵੇਚਣ ਅਤੇ ਵਰਤਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਵੀ ਦਿੱਤੀਆਂ ਗਈਆਂ ਹਨ, ਪਰ ਇਸ ਦੇ ਖ਼ਾਤਮੇ ਲਈ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਰਪੰਚ ਗੁਰਦੀਪ ਸਿੰਘ ਹੇਅਰ, ਪੰਚ ਸਰਪੰਚ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਬਾਜਵਾ ਅਤੇ ਪੰਚ ਬਲਵਿੰਦਰ ਸਿੰਘ ਨੇ ਵੀ ਆਪਣੇ ਸੁਝਾਅ ਦਿੱਤੇ।
ਇਸ ਮੌਕੇ ਥਾਣੇਦਾਰ ਨਿਰਮਲ ਸਿੰਘ, ਥਾਣੇਦਾਰ ਹਰਦੇਵ ਸਿੰਘ, ਥਾਨੇਦਰ ਬਲਵਿੰਦਰ ਸਿੰਘ, ਅਨੂਪ ਸਿੰਘ, ਭੁਪਿੰਦਰ ਸਿੰਘ, ਬੂਟਾ ਵਾਲੀਆ, ਪੰਚ ਜੋਗਿੰਦਰ ਪਾਲ, ਕੈਪਟਨ ਅਜੀਤ ਸਿੰਘ ਅਤੇ ਹੋਰ ਮੋਹਤਬਰ ਹਾਜ਼ਰ ਸਨ।