ਡੀ ਸੀ ਆਸ਼ਿਕਾ ਜੈਨ ਨੇ ਐਸ ਡੀ ਐਮ ਮੋਹਾਲੀ ਨੂੰ ਗੁਰਦੁਆਰਾ ਸਾਂਝ ਸਾਹਿਬ ਰੋਡ ਨੂੰ ਚੌੜਾ ਕਰਨ ਅਤੇ ਬਦਲਣ ਲਈ ਚੰਡੀਗੜ੍ਹ ਪ੍ਰਸ਼ਾਸਨ ਨਾਲ ਸੰਪਰਕ ਕਰਨ ਲਈ ਕਿਹਾ
ਹਰਜਿੰਦਰ ਸਿੰਘ ਭੱਟੀ
- ਰੇਲਵੇ ਅਥਾਰਟੀ ਨੂੰ ਰੇਲਵੇ ਕਰਾਸਿੰਗ ਜੇ ਐਲ ਪੀ ਐਲ ਨੂੰ ਚੌੜਾ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਹੋਰ ਰੇਲਵੇ ਨਾਲ ਸਬੰਧਤ ਸਾਈਟਾਂ 'ਤੇ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ
- ਸੈਮੀ-ਕੰਡਕਟਰ ਲਿਮਟਿਡ ਨੂੰ ਸਲਿੱਪ ਰੋਡ ਲਈ ਲੋੜੀਂਦਾ ਜ਼ਮੀਨ ਦਾ ਟੁਕੜਾ ਪ੍ਰਦਾਨ ਕਰਨ ਲਈ ਬੇਨਤੀ ਕੀਤੀ
- ਗਮਾਡਾ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਮਾਤਾ ਸੁੰਦਰ ਕੌਰ ਸਾਹਿਬ ਨੇੜੇ ਬਣੇ ਤਿੱਖੇ ਮੋੜ ਨੂੰ ਹਟਾਉਣ ਲਈ ਤਾਲਮੇਲ ਕਰਨ ਲਈ ਕਿਹਾ
- ਜ਼ੀਰਕਪੁਰ ਨਗਰ ਕੌਂਸਲ ਨੂੰ ਜ਼ੀਰਕਪੁਰ-ਪਟਿਆਲਾ ਹਾਈਵੇ (ਐਨ ਐਚ-21) ਤੋਂ ਬਾਵਾ ਵਾਈਟ ਹਾਊਸ ਦੇ ਦਿਆਲਪੁਰਾ ਲਿੰਕ ਲਈ ਐਕਵਾਇਰ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ
- ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਚਪੜਚਿੜੀ-ਕਲਾਂ ਤੋਂ ਚੱਪੜਚਿੜੀ-ਖੁਰਦ ਸੜਕ ਨੂੰ ਅੱਪਗ੍ਰੇਡ ਕਰਨ ਅਤੇ ਲਾਂਡਰਾ ਰੋਡ ਨੂੰ ਭੀੜ-ਭੜੱਕੇ ਤੋਂ ਬਚਾਉਣ ਲਈ ਪ੍ਰਸਤਾਵ ਪੇਸ਼ ਕਰਨ ਦੇ ਹੁਕਮ
- ਸਮੂਹ ਸਬੰਧਤ ਧਿਰਾਂ ਨੂੰ ਮੋਹਾਲੀ ਦੀਆਂ ਸੜਕਾਂ 'ਤੇ ਟ੍ਰੈਫਿਕ ਨੂੰ ਘੱਟ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ
ਐਸ.ਏ.ਐਸ.ਨਗਰ, 09 ਜਨਵਰੀ, 2025: ਅੱਜ ਡੀ ਏ ਸੀ ਮੀਟਿੰਗ ਹਾਲ ਵਿਖੇ ਟਰੈਫਿਕ ਭੀੜ ਭੜੱਕਾ ਨਿਯਮਨ ਕਮੇਟੀ ਦੀ ਜਾਇਜ਼ਾ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਮੂਹ ਸਬੰਧਤ ਧਿਰਾਂ ਨੂੰ ਕਿਹਾ ਕਿ ਟ੍ਰੈਫਿਕ ਦੇ ਹਾਲਾਤ ਹੋਰ ਖ਼ਰਾਬ ਹੋਣ ਤੋਂ ਪਹਿਲਾਂ ਜ਼ਮੀਨੀ ਪੱਧਰ ’ਤੇ ਕੁਝ ਠੋਸ ਕਰਨ ਦਾ ਇਹ ਸਹੀ ਸਮਾਂ ਹੈ।
ਉਨ੍ਹਾਂ ਕਿਹਾ ਕਿ ਉਹ ਸਾਰੇ ਕੰਮ ਜਿਨ੍ਹਾਂ ਨੂੰ ਹੋਰ ਵਿਭਾਗਾਂ ਜਾਂ ਯੂਟੀ ਅਧਿਕਾਰੀਆਂ ਅਤੇ ਰੇਲਵੇ ਨਾਲ ਪ੍ਰਵਾਨਗੀ ਅਤੇ ਤਾਲਮੇਲ ਦੀ ਲੋੜ ਹੈ, ਨੂੰ ਸਮਾਂ-ਸੀਮਾ ਤੈਅ ਕਰਕੇ ਪ੍ਰਮੁੱਖ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਐਸ.ਡੀ.ਐਮ, ਮੋਹਾਲੀ ਦਮਨਦੀਪ ਕੌਰ ਨੂੰ ਕਿਹਾ ਕਿ ਗੁਰਦੁਆਰਾ ਸ਼੍ਰੀ ਸਾਂਝ ਸਾਹਿਬ ਸੜਕ ਨੂੰ ਨਿਯਮਤ ਰੂਪ ਵਿੱਚ ਚੌੜਾ ਕਰਨ ਅਤੇ ਇਸ ਨੂੰ ਬਦਲਣ ਲਈ ਮਸਲਾ ਹੱਲ ਕਰਵਾਉਣ ਲਈ ਉਹ ਆਪਣੇ ਚੰਡੀਗੜ੍ਹ ਯੂਟੀ ਹਮਰੁਤਬਾ ਨਾਲ ਰਾਬਤਾ ਰੱਖਣ। ਇਹ ਹਿੱਸਾ ਸੈਕਟਰ 48/65 ਤੋਂ ਦਾਰਾ ਸਟੂਡੀਓ ਦੇ ਕੰਮ ਨੂੰ ਪੂਰਾ ਕਰਨ ਵਿੱਚ ਰੁਕਾਵਟ ਬਣ ਰਹੀ ਹੈ।
ਏ ਡੀ ਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ ਅਤੇ ਈ ਓ ਜ਼ੀਰਕਪੁਰ ਅਸ਼ੋਕ ਕੁਮਾਰ ਨੂੰ ਐਮ ਸੀ ਜ਼ੀਰਕਪੁਰ ਦੀ ਸੀਮਾ ਵਿੱਚ ਪੈਂਦੇ ਦਿਆਲਪੁਰਾ ਖੇਤਰ ਵਿੱਚ ਬਾਵਾ ਵਾਈਟ ਹਾਊਸ ਤੋਂ ਜ਼ੀਰਕਪੁਰ-ਪਟਿਆਲਾ (ਐਨ.ਐਚ. 64) ਹਾਈਵੇਅ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ, ਜ਼ਮੀਨ ਅਧੀਗ੍ਰਹਿਣ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਸੜਕ ਦੇ ਇਸ ਹਿੱਸੇ ਨੂੰ ਪੂਰਾ ਕਰਨ ਲਈ ਲਗਭਗ 20.64 ਏਕੜ ਜ਼ਮੀਨ ਐਕੁਆਇਰ ਕਰਨ ਦੀ ਲੋੜ ਹੈ।
ਉਨ੍ਹਾਂ ਮੀਟਿੰਗ ਵਿੱਚ ਸ਼ਾਮਿਲ ਰੇਲਵੇ ਦੇ ਸੀਨੀਅਰ ਸਹਾਇਕ ਡਿਵੀਜ਼ਨਲ ਇੰਜਨੀਅਰ ਵਿਜੇ ਨੂੰ ਬੇਨਤੀ ਕੀਤੀ ਕਿ ਰੇਲਵੇ ਨਾਲ ਲੰਬਿਤ ਮੁੱਦਿਆਂ ਜਿਵੇਂ ਕਿ ਰੇਲਵੇ ਕਰਾਸਿੰਗ ਜੇਐਲਪੀਐਲ ਨੇੜੇ ਕੈਰੇਜ-ਵੇ ਦੀ ਚੌੜਾਈ, ਦੋਹਰੀ ਕੈਰੇਜ਼-ਵੇ ਬਣਾਉਣ ਦੇ ਪ੍ਰਸਤਾਵ ਨੂੰ ਅਮਲੀ ਰੂਪ ਦੇਣ ਵਿੱਚ ਸਹਾਇਤਾ ਕਰਨ। ਇਸੇ ਤਰ੍ਹਾਂ ਪਿੰਡ ਚਿੱਲਾ ਨੇੜੇ ਰੇਲਵੇ ਲਾਈਨ ਤੋਂ ਜੰਕਸ਼ਨ 75/76-90 'ਤੇ ਰੇਲਵੇ ਅੰਡਰ ਪਾਸ ਦੋਹਰੀ ਆਵਾਜਾਈ ਲਈ ਅਤੇ ਰੇਲਵੇ ਲਾਈਨ ਦੇ ਨੇੜੇ ਜੰਕਸ਼ਨ 98/106-107 ਤੋਂ 100/104 ਤੱਕ ਰੇਲਵੇ ਅੰਡਰ ਪਾਸ ਲਈ ਸਹਾਇਤਾ ਕਰਨ ਲਈ ਆਖਿਆ।
ਗਮਾਡਾ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਮਾਤਾ ਸੁੰਦਰ ਕੌਰ ਸਾਹਿਬ ਨੇੜੇ ਤਿੱਖੇ ਮੋੜ ਨੂੰ ਹਟਾਉਣ ਦੀ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਆਖਦਿਆਂ, ਪੀ.ਆਰ.7 ਰੋਡ ਐਨ ਐਚ-64 (ਛੱਤ ਲਾਈਟ ਪੁਆਇੰਟ) ਤੋਂ ਐਨ ਐਚ (ਗੋਪਾਲ ਸਵੀਟਸ) ਤੱਕ ਜਲਦ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੀ ਐਸ ਆਈ ਈ ਸੀ ਨਾਲ ਤਾਲਮੇਲ ਕਰਕੇ ਜੰਕਸ਼ਨ 72/73-74/75 (ਕੁਆਰਕ ਸਿਟੀ) ਅਤੇ ਜੰਕਸ਼ਨ 73/74 ਤੋਂ ਕੁਝ ਜ਼ਮੀਨ ਮੁਹੱਈਆ ਕਰਵਾਏਗਾ।
ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਕਟਰ 89/90 ਨੂੰ ਵੰਡਣ ਵਾਲੀ 8-ਮਾਰਗੀ ਦੋਹਰੀ ਕੈਰੇਜ਼-ਵੇਅ ਸੜਕ ਦੇ ਮੁਕੰਮਲ ਹੋਣ ਵਿੱਚ ਅੜਿੱਕਾ ਬਣ ਰਹੇ ਪਿੰਡ ਦੇ ਛੱਪੜ ਦਾ ਮੁੱਦਾ ਹੱਲ ਕੀਤਾ ਜਾਵੇ।
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਚੱਪੜਚਿੜੀ ਕਲਾਂ ਤੋਂ ਚੱਪੜਚਿੜੀ ਖੁਰਦ (ਲਾਂਦਰਾ-ਖਰੜ ਰੋਡ ਦਾ ਟ੍ਰੈਫਿਕ ਘੱਟ ਕਰਨ) ਨੂੰ ਅੱਪਗ੍ਰੇਡ ਕਰਨ ਅਤੇ ਪਭਾਤ-ਅਲੀਪੁਰ-ਨਡਿਆਲੀ-ਦਿਆਲਪੁਰਾ ਲਿੰਕ ਸੜਕ, ਜਿਸ ਦੀ ਮੁਰੰਮਤ ਦੀ ਲੋੜ ਹੈ, ਲਈ ਪ੍ਰਸਤਾਵ 'ਤੇ ਤੁਰੰਤ ਡੀ.ਸੀ ਦਫ਼ਤਰ ਰਾਹੀਂ ਤਾਲਮੇਲ ਕਰਵਾ ਕੇ ਕੰਮ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਗਰ ਨਿਗਮ, ਗਮਾਡਾ, ਲੋਕ ਨਿਰਮਾਣ ਵਿਭਾਗ, ਲੋਕਲ ਬਾਡੀਜ਼ ਅਤੇ ਪੇਂਡੂ ਵਿਕਾਸ ਅਧਿਕਾਰੀਆਂ ਨਾਲ ਕੀਤੀ ਪਹਿਲੀ ਮੀਟਿੰਗ ਤੋਂ ਬਾਅਦ ਹੋਈ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁਹਾਲੀ ਦੀਆਂ ਸੜਕਾਂ 'ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਰਾਹਤ ਦੇਣ ਲਈ ਸਮਾਂਬੱਧ ਅਤੇ ਨਤੀਜਾ ਮੁਖੀ ਪਹੁੰਚ ਅਪਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੰਤਰ-ਵਿਭਾਗੀ ਤਾਲਮੇਲ ਮੀਟਿੰਗ ਕਰਵਾਉਣ ਲਈ ਕਿਸੇ ਵੀ ਮੁਸ਼ਕਲ ਜਾਂ ਮੁੱਦੇ ਨੂੰ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਮੀਟਿੰਗ ਵਿੱਚ ਏ ਡੀ ਸੀ ਵਿਰਾਜ ਐਸ ਤਿੜਕੇ, ਅਨਮੋਲ ਸਿੰਘ ਧਾਲੀਵਾਲ ਅਤੇ ਸੋਨਮ ਚੌਧਰੀ, ਨਗਰ ਨਿਗਮ ਕਮਿਸ਼ਨਰ ਟੀ ਬੈਨੀਥ, ਐਸ ਡੀ ਐਮਜ਼ ਦਮਨਦੀਪ ਕੌਰ ਮੁਹਾਲੀ ਅਤੇ ਗੁਰਮੰਦਰ ਸਿੰਘ ਖਰੜ, ਸਹਾਇਕ ਕਮਿਸ਼ਨਰ ਐਮ ਸੀ ਮੁਹਾਲੀ ਦੀਪਾਂਕਰ ਗਰਗ, ਡੀ ਐਸ ਪੀ ਟਰੈਫਿਕ ਕਰਨੈਲ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਚਐਸ ਭੁੱਲਰ ਅਤੇ ਸ਼ਿਵਪ੍ਰੀਤ ਸਿੰਘ, ਗਮਾਡਾ ਤੋਂ ਐਸ.ਈ ਨਿਤਿਨ ਕੰਬੋਜ ਅਤੇ ਟਾਊਨ ਪਲਾਨਿੰਗ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।