ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਮੋਟਰ ਸਾਈਕਲ ਵਿਦ ਆਈਸ ਬਾਕਸ ਭੇਂਟ
·ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ/ਬੇਰੁਜਗਾਰ ਨੌਜਵਾਨਾਂ ਨੂੰ ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਲਾਭ ਲੈਣ ਦਾ ਸੱਦਾ
ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਤਹਿਤ ਮੁਹੱਈਆ ਕਰਵਾਈ ਜਾਂਦੀ ਹੈ 40-60 ਪ੍ਰਤੀਸ਼ਤ ਸਬਸਿਡੀ- ਚਰਨਜੀਤ ਸਿੰਘ
ਪੁਰਾਣੇ ਪ੍ਰਾਈਵੇਟ ਛੱਪੜਾਂ ਦੇ ਸੁਧਾਰ ਅਤੇ ਨੀਵੀਆ/ਟੋਇਆ/ਭੱਠੇ ਵਾਲੀਆ ਜ਼ਮੀਨਾਂ ਵਿੱਚ ਮੱਛੀ ਤਲਾਬ ਬਣਾਉਣ ਤੇ 25 ਫੀਸਦੀ ਸਬਸਿਡੀ ਉਪਲੱਬਧ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 09ਜਨਵਰੀ 2025
ਖੇਤੀਬਾੜੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ ਹੈ ਅਤੇ ਮੱਛੀ ਪਾਲਣ ਦਾ ਕਿੱਤਾ ਖੇਤੀਬਾੜੀ ਵਿਭਿੰਨਤਾ ਵਿੱਚ ਅਹਿਮ ਰੌਲ ਅਦਾ ਕਰ ਸਕਦਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ (PMMSY) ਸਕੀਮ ਅਧੀਨ ਸਹਾਇਤਾ ਪ੍ਰਾਪਤ ਇੱਕ ਲਾਭਪਾਤਰੀ ਨੂੰ ਮੋਟਰ-ਸਾਇਕਲ ਵਿਦ ਆਇਸ ਬਾਕਸ ਦੀਆਂ ਚਾਬੀਆ ਸੌਂਪਣ ਮੌਕੇ ਕੀਤੇ । ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੂੰ ਸੂਬੇ ਵਿੱਚ ਪ੍ਰਫੁਲਿਤ ਕਰਨ ਲਈ ਮੱਛੀ ਪਾਲਕਾਂ ਨੂੰ ਜਿਥੇ ਸਹੂਲਤਾਵਾਂ ਦਿੱਤੀਆਂ ਜਾਂਦੀਆਂ ਹਨ, ਉਥੇ ਸਵੈ ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਵੀ ਮੱਛੀ ਨੂੰ ਟਰਾਂਸਪੋਰਟ ਕਰਨ ਲਈ ਵਾਹਨ ਤੇ ਆਈਸ ਬਾਕਸ ਲਈ 60 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਕਿੱਤੇ ਵਿੱਚ ਘੱਟ ਮਿਹਨਤ ਨਾਲ ਜਿਆਦਾ ਮੁਨਾਫਾ ਕਮਾਇਆ ਜਾ ਸਕਦਾ ਹੈ । ਜਿਲ੍ਹਾ ਮਲੇਰਕੋਟਲਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਮੁਹੱਈਆ ਕਰਵਾਈਆਂ ਜਾਂਦੀਆ ਵਿੱਤੀ ਅਤੇ ਤਕਨੀਕੀ ਸਹੂਲਤਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ।
ਇਸ ਮੌਕੇ ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਮੱਛੀ ਪਾਲਣ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਿਆ ਯੋਜਨਾ (PMMSY) ਸਕੀਮ ਅਧੀਨ ਪਲੇਨ/ਪੱਧਰ ਜਮੀਨ ਤੇ ਮੱਛੀ ਤਲਾਅ ਦੀ ਉਸਾਰੀ, ਢੋਅ-ਢੁਆਈ ਦੇ ਸਾਧਨ, ਮੱਛੀ ਫੀਡ ਮਿੱਲ ਲਗਾਉਣ ਆਦਿ ਪ੍ਰੋਜੈਕਟਾਂ ਤੇ ਯੂਨਿਟ ਕਾਸਟ ਦਾ 40-60 ਫੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ।
ਉਹਨਾਂ ਦੱਸਿਆ ਕਿ ਹੁਣ ਪੁਰਾਣੇ ਪ੍ਰਾਈਵੇਟ ਛੱਪੜਾਂ ਦੇ ਸੁਧਾਰ ਅਤੇ ਨੀਵੀਆਂ/ਟੋਇਆ/ਭੱਠੇ ਵਾਲੀਆਂ ਜਮੀਨਾਂ ਵਿੱਚ ਮੱਛੀ ਤਲਾਅ ਬਣਾਉਣ ਵਾਸਤੇ ਵੀ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਯੂਨਿਟ ਕਾਸਟ ਦਾ 25 ਫੀਸਦੀ ਸਬਸਿਡੀ ਮੁਹੱਈਆਂ ਕਰਵਾਈ ਜਾ ਰਹੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਮੱਛੀ ਪਾਲਣ ਦੇ ਚਾਹਵਾਨ ਕਿਸਾਨਾਂ/ਬੇਰੁਜਗਾਰ ਨੌਜਵਾਨਾਂ ਨੂੰ ਵਿਭਾਗ ਵੱਲੋਂ ਪੰਜ ਦਿਨਾਂ ਦੀ ਮੁਢਲੀ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ।
ਮਹੀਨਾ ਜਨਵਰੀ ਦੌਰਾਨ 20 ਜਨਵਰੀ ਤੋਂ ਪੰਜ ਦਿਨ ਦਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 98556-14842 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਸ੍ਰੀ ਲਵਪ੍ਰੀਤ ਸਿੰਘ ਮੱਛੀ ਪਾਲਣ ਅਫਸਰ ਮਲੇਰਕੋਟਲਾ ਵੀ ਹਾਜਰ ਸਨ।