ਬੀਕੇਯੂ-ਏਕਤਾ ਡਕੌਂਦਾ ਵੱਲੋਂ ਮੋਗਾ ਕਿਸਾਨ-ਮਹਾਪੰਚਾਇਤ ਲਈ ਮਰਦ-ਔਰਤਾਂ ਦੇ ਕਾਫਲੇ ਰਵਾਨਾ
ਦਲਜੀਤ ਕੌਰ
ਬਰਨਾਲਾ, 9 ਜਨਵਰੀ, 2025 : ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਸੰਯੁਕਤ ਕਿਸਾਨ ਮੋਰਚੇ ਅੱਜ ਮੋਗਾ ਵਿਖੇ ਹੋਣ ਵਾਲੀ ਕਿਸਾਨ-ਮਹਾਪੰਚਾਇਤ ਵਿੱਚ 40 ਗੱਡੀਆਂ ਵਿੱਚ ਸਵਾਰ ਸੈਂਕੜਿਆਂ ਦੀ ਗਿਣਤੀ ਵਿੱਚ ਜੁਝਾਰੂ ਕਿਸਾਨ ਮਰਦ-ਔਰਤਾਂ ਦੇ ਕਾਫਲੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਤੋਂ ਪੂਰੇ ਇਨਕਲਾਬੀ ਜੋਸ਼ ਨਾਲ ਰਵਾਨਾ ਹੋਏ।
ਇਸ ਸਮੇਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਬਾਬੂ ਸਿੰਘ ਖੁੱਡੀਕਲਾਂ ਨੇ ਦੱਸਿਆ ਕਿ ਇਸ ਮੰਤਵ ਲਈ ਪੂਰੇ ਜ਼ਿਲ੍ਹੇ ਦੇ ਤਿੰਨੇ ਬਲਾਕਾਂ ਦੇ ਵੱਖ-ਵੱਖ 4 ਦਰਜਣ ਪਿੰਡਾਂ 'ਚ ਲਾਮਬੰਦੀ ਲਈ ਮੀਟਿੰਗਾਂ ਕਰਕੇ ਤਿਆਰੀਆਂ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖ਼ਿਲਾਫ਼, ਕਿਸਾਨਾਂ ਦੀ ਕਰਜ਼ਾ ਮੁਕਤੀ, ਐਮਐਸਪੀ ਤੇ ਸਾਰੀਆਂ ਫਸਲਾਂ ਦੀ ਖ੍ਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਅਤੇ ਦਿੱਲੀ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 4 ਜਨਵਰੀ ਦੀ ਟੋਹਾਣਾ ਕਿਸਾਨ ਮਹਾਂ ਪੰਚਾਇਤ ਤੋਂ ਬਾਅਦ 9 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਕਿਸਾਨ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਸੀ। ਆਗੂਆਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਤੁਰੰਤ ਗੱਲਬਾਤ ਸ਼ੁਰੂ ਕਰੇ, ਦਿੱਲੀ ਜਾਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਤੇ ਜਬਰ ਬੰਦ ਕਰੇ ਅਤੇ ਐਮਐਸਪੀ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਮੰਨੇ।
ਆਗੂਆਂ ਹਰਮੰਡਲ ਸਿੰਘ ਜੋਧਪੁਰ, ਸੰਦੀਪ ਸਿੰਘ ਚੀਮਾ, ਰਾਮ ਸਿੰਘ ਸ਼ਹਿਣਾ, ਜਸਵੰਤ ਸਿੰਘ ਹੰਢਿਆਇਆ, ਅਮਨਦੀਪ ਸਿੰਘ ਰਾਏਸਰ, ਸਤਨਾਮ ਸਿੰਘ ਮੂੰਮ, ਕਾਲਾ ਸਿੰਘ ਜੈਦ ਨੇ ਮੋਦੀ ਹਕੂਮਤ ਦੀ ਖੇਤੀ ਖੇਤਰ ਨੂੰ ਵਿਸ਼ਵ ਵਪਾਰ ਸੰਸਥਾ ਦੀਆਂ ਸ਼ਰਤਾਂ ਤਹਿਤ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਤੀ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਅਤੇ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸਦੇ ਨਾਲ ਹੀ ਆਗੂਆਂ ਨੇ ਟੋਹਾਣਾ ਮਹਾਪੰਚਾਇਤ ਦੌਰਾਨ ਬਰਨਾਲਾ ਵਿਖੇ ਬੱਸ ਪਲਟਣ ਕਾਰਨ ਸ਼ਹੀਦ ਹੋਈਆਂਂ ਤਿੰਨ ਕਿਸਾਨ ਬੀਬੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ, ਆਵਾਜਾਈ ਦੇ ਘਟੀਆ ਪ੍ਰਬੰਧ ਅਤੇ ਫਲਾਈਓਵਰਾਂ ਦੇ ਨੁਕਸਦਾਰ ਡਿਜ਼ਾਈਨਾਂ ਕਾਰਨ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਨੂੰ ਜਥੇਬੰਦੀ ਦੀ ਮੰਗ ਅਨੁਸਾਰ ਯੋਗ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਪਰਿਵਾਰਾਂ ਦਾ ਕਰਜ਼ਾ ਖ਼ਤਮ ਅਤੇ ਗੰਭੀਰ ਫੱਟੜ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।