ਸਰਕਾਰ ਮਿਡ-ਡੇ ਮੀਲ ਦੀ ਰਾਸ਼ੀ ਦਰ ਚ' ਵਾਧਾ ਕਰੇ - ਬਿਲਗਾ
"ਮਿਡ ਡੇ ਮੀਲ ਦੇ ਮੀਨੂੰ ਵਿੱਚ ਸੋਧ ਦੀ ਕੀਤੀ ਮੰਗ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 09 ਜਨਵਰੀ,2025
ਬੀ ਐੱਡ ਅਧਿਆਪਕ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹਰਵਿੰਦਰ ਬਿਲਗਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਿਲਗਾ ਨੇ ਕਿਹਾ ਕਿ ਸਰਕਾਰ ਵੱਲੋਂ ਮਿੱਡ ਡੇ ਮੀਲ ਵਿੱਚ ਦੁਪਿਹਰ ਦੇ ਖਾਣੇ ਵਿੱਚ ਦੇਸੀ ਘਿਓ ਦਾ ਹਲਵਾ ਅਤੇ ਪੂਰੀਆਂ ਛੋਲੇ ਦੇਣ ਦਾ ਜੋ ਨਵਾਂ ਫਰਮਾਨ ਜਾਰੀ ਕੀਤਾ ਹੈ ਉਸ ਦਾ ਬੀ. ਐੱਡ ਅਧਿਆਪਕ ਫਰੰਟ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜੋ ਇਕ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਬੱਚਿਆ ਨੂੰ ਹਫਤੇ ਚ ਇਕ ਦਿਨ ਹੋਰ ਰਾਸ਼ਣ ਦੇ ਨਾਲ ਨਾਲ ਪੂਰੀਆਂ ਛੋਲੇ ਅਤੇ ਦੇਸੀ ਘਿਓ ਦਾ ਹਲਵਾ ਦਿੱਤਾ ਜਾਣਾ ਹੈ। ਸਰਕਾਰ ਵੱਲੋਂ ਮਿਡ ਡੇ ਮੀਲ ਦੀ ਰਾਸ਼ੀ ਚ ਸਿਰਫ ਪੈਸਿਆਂ ਵਿੱਚ ਵਾਧਾ ਕੀਤਾ ਗਿਆ, ਜਿਸ ਨਾਲ ਸਾਰਾ ਬੋਝ ਅਧਿਆਪਕ ਵਰਗ ਉਪਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸੀ ਘਿਓ ਜੋ ਕਿ ਬਜਾਰ ਵਿੱਚ 800 ਤੋਂ 1000 ਰੁਪਏ ਵਿੱਚ ਵਿਕ ਰਿਹਾ ਹੈ ਜਿਸ ਕਾਰਨ ਇਸ ਹੈਰਾਨੀਜਨਕ ਫੈਸਲੇ ਤੋਂ ਸਮੂਹ ਅਧਿਆਪਕ ਵਰਗ ਖਾਸਾ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ । ਪਹਿਲਾਂ ਹੀ ਮਹਿੰਗਾਈ ਬਹੁਤ ਜਿਆਦਾ ਹੋਣ ਕਾਰਨ ਸਕੂਲਾਂ ਚ ਮਿਡ ਡੇ ਮੀਲ ਚਲਾਉਣ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਉੱਤੋਂ ਸਰਕਾਰ ਨੇ ਇਹ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ। ਇਸ ਮੌਕੇ ਸੁਰਜੀਤ ਰਾਜਾ ਸੂਬਾ ਜਨਰਲ ਸਕੱਤਰ ਨੇ ਸਪਸ਼ਟ ਰੂਪ ਚ ਕਿਹਾ ਕਿ ਦੇਸੀ ਘਿਓ ਦੇ ਹਲਵੇ ਲਈ ਸਰਕਾਰ ਪਹਿਲਾ 15 ਰੁ ਪ੍ਰਤੀ ਬੱਚਾ ਏਡਵਾਂਸ ਰਾਸ਼ੀ ਜਾਰੀ ਕਰੇ ਜਾਂ ਫਿਰ ਦੇਸੀ ਘਿਓ ਆਪ ਸਕੂਲਾਂ ਚ ਵਿਭਾਗ ਰਾਹੀਂ ਮੁੱਹਈਆ ਕਰਵਾਇਆ ਜਾਵੇ।
ਪਹਿਲਾਂ ਹੀ ਸਰਕਾਰ ਵੱਲੋਂ ਮੌਸਮੀ ਫਰੂਟ ਬੱਚਿਆਂ ਨੂੰ ਦੇਣ ਦੇ ਫਰਮਾਨ ਨੇ ਅਧਿਆਪਕਾਂ ਦਾ ਚੋਖਾ ਖ਼ਰਚਾ ਵਧਾਇਆ ਹੈ ਜਿਸ ਦਾ ਸਰਕਾਰ ਵੱਲੋਂ ਸਮੇਂ ਸਿਰ ਕੋਈ ਭੁਗਤਾਨ ਨਹੀਂ ਕੀਤਾ ਜਾ ਰਿਹਾ। ਸਰਕਾਰ ਕੋਲੋਂ ਕਾਲਾ ਬਜਾਰੀ ਕਾਰਨ ਮਹਿੰਗਾਈ ਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਹਰ ਚੀਜ਼ ਅੱਗ ਦੇ ਭਾਅ ਵਿਕ ਰਹੀ ਹੈ।ਸਰਕਾਰ ਆਪ ਤਾਂ ਖ਼ਰਚਾ ਪੁਰਾਣੇ ਸਰਕਾਰੀ ਰੇਟਾਂ ਦੇ ਹਿਸਾਬ ਨਾਲ ਭੇਜਦੀ ਹੈ ਜਿਸ ਨਾਲ ਮਿੱਡ ਡੇ ਮੀਲ ਦਾ ਖਰਚਾ ਚਲਾਉਣਾ ਬਹੁਤ ਔਖਾ ਹੋਇਆ ਪਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਬਾਗਬਾਨੀ ਵਿਭਾਗ ਰਾਹੀਂ ਮੌਸਮੀ ਫਲਾਂ ਦੇ ਨਾਲ ਨਾਲ ਮਾਰਕਫੈੱਡ ਜਾਂ ਵੇਰਕਾ ਨੂੰ ਸਕੂਲਾਂ ਵਿੱਚ ਦੇਸੀ ਘਿਓ ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵਲੋਂ ਜਾਰੀ ਹੋਏ ਨਵੇਂ ਫੁਰਮਾਨ ਅਨੁਸਾਰ ਮੰਗਲਵਾਰ ਨੂੰ ਰਾਜ ਮਾਹ ਚਾਵਲ ਦੇ ਨਾਲ ਖੀਰ ਵੀ ਦੇਣੀ ਹੈ। ਉਨ੍ਹਾਂ ਕਿਹਾ ਇਹ ਕਿਵੇ ਸੰਭਵ ਹੈ ਕਿ ਇੱਕ ਹੀ ਸਮੇ ਵਿੱਚ ਚਾਵਲ ਅਤੇ ਖੀਰ ਦਿੱਤੀ ਜਾ ਸਕਦੀ ਹੈ ਅਤੇ ਇਸ ਦਾ ਰਿਕਾਰਡ ਕਿਵੇਂ ਪੂਰਾ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਇਸ ਮੀਨੂੰ ਨੂੰ ਤੁਰੰਤ ਬਦਲਿਆਂ ਜਾਵੇ। ਮੀਟਿੰਗ ਵਿੱਚ ਬਿਕਰਮਜੀਤ ਕੱਦੋਂ,ਗੁਰਦੀਪ ਸਿੰਘ ਚੀਮਾ,ਜੁਝਾਰ ਸੰਹੂਗੜਾ,ਗੁਰਦਿਆਲ ਮਾਨ ਸੂਬਾ ਪ੍ਰੈਸ ਸਕੱਤਰ,ਬਲਵਿੰਦਰ ਲੋਦੀਪੁਰ,ਗੁਰਵਿੰਦਰ ਖੇੜੀ,ਵਰਿੰਦਰ ਵਿੱਕੀ,ਪ੍ਰੇਮ ਠਾਕੁਰ,ਸੱਤਪ੍ਰਕਾਸ,ਬਲਵਿੰਦਰ ਸਿੰਘ,ਪਰਵਿੰਦਰ ਸਿੰਘ,ਅਜੀਤਪਾਲ ਸਿੰਘ ਜੱਸੋਵਾਲ ਅਤੇ ਸਤਨਾਮ ਸਿੰਘ ਆਦਿ ਹਾਜਰ ਸਨ।