ਕੌਣ-ਕਿੱਥੇ? ਤਕੜੇ ਪਾਸਪੋਰਟ-ਕਮਜ਼ੋਰ ਪਾਸਪੋਰਟ
ਨਿਊਜ਼ੀਲੈਂਡ ਪਾਸਪੋਰਟ ਉਪਰ ਉਠ 5ਵੇਂ ਅਤੇ ਇੰਡੀਆ ਖਿਸਕ ਕੇ ਗਿਆ 85ਵੇਂ ਨੰਬਰ ’ਤੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 09 ਜਨਵਰੀ 2025:-‘ਹੈਨਲੀ ਪਾਸਪੋਰਟ ਇੰਡੈਕਸ’ ਦੁਨੀਆ ਦੇ ਸਾਰੇ ਪਾਸਪੋਰਟਾਂ ਦੀ ਅਸਲ, ਅਧਿਕਾਰਤ ਦਰਜਾਬੰਦੀ ਹੈ ਜੋ ਉਨ੍ਹਾਂ ਥਾਵਾਂ ਦੀ ਗਿਣਤੀ ਦੇ ਅਨੁਸਾਰ ਹੈ ਜਿੱਥੇ ਉਨ੍ਹਾਂ ਦੇ ਧਾਰਕ ਪਹਿਲਾਂ ਵੀਜ਼ਾ ਰਹਿਤ ਪਹੁੰਚ ਸਕਦੇ ਹਨ। ਇਹ ਸੂਚਕਾਂਕ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (91“1) - ਸਭ ਤੋਂ ਵੱਡੀ, ਸਭ ਤੋਂ ਸਹੀ ਯਾਤਰਾ ਜਾਣਕਾਰੀ ਡੇਟਾਬੇਸ ਦੇ ਵਿਸ਼ੇਸ਼ ਡੇਟਾ ’ਤੇ ਅਧਾਰਤ ਹੁੰਦਾ ਹੈ। ਹੈਨਲੀ ਐਂਡ ਪਾਰਟਨਰਜ਼ ਦੀ ਖੋਜ ਟੀਮ ਦੁਆਰਾ ਨਵੀਨਤਮ ਦਰਜਾਬੰਦੀ ਸੰਬੰਧੀ ਮਾਹਿਰਾਂ ਦੀ ਸੂਝ-ਬੂਝ ਦੇ ਨਾਲ ਇਹ ਡਾਟਾ ਤਿਆਰ ਕੀਤਾ ਜਾਂਦਾ ਹੈ। ਤਾਜ਼ਾ ਖੋਜ ਦਰਸਾਉਂਦੀ ਹੈ ਕਿ ਕਿਹੜੇ ਦੇਸ਼ ਦਾ ਪਾਸਪੋਰਟ ਕਿੰਨਾ ਤਕੜਾ ਅਤੇ ਕਿੰਨਾ ਕਮਜ਼ੋਰ ਹੈ।
ਨਵੀਂ 2025 ਦੀ ਜਾਰੀ ਸੂਚੀ ਅਨੁਸਾਰ ਇਸ ਵੇਲੇ ਪਹਿਲੇ ਨੰਬਰ ਉਤੇ ਸਿੰਗਾਪੋਰ ਆਇਆ ਹੈ ਜਿਸ ਦੇ ਪਾਸਪੋਰਟ ਧਾਰਕ 195 ਦੇਸ਼ਾਂ ਦੇ ਵਿਚ ਵੀਜ਼ਾ ਰਹਿਤ ਜਾ ਸਕਦੇ ਹਨ। ਦੂਜੇ ਨੰਬਰ ਉਤੇ ਜਾਪਾਨ ਪਾਸਪੋਰਟ ਧਾਰਕ 193 ਦੇਸ਼ਾਂ ਵਿਚ ਵੀਜ਼ਾ ਰਹਿਤ, ਤੀਜੇ ਨੰਬਰ ਉਤੇ ਫਿਨਲੈਂਡ, ਫ੍ਰਾਂਸ, ਜ਼ਰਮਨੀ, ਇਟਲੀ, ਸਾਊਥ ਕੋਰੀਆ ਅਤੇ ਸਪੇਨ ਹਨ ਜਿਸ ਦੇ ਪਾਸਪੋਰ’ਟ ਧਾਰਕ 192 ਦੇਸ਼ਾਂ ਵਿਚ, ਚੌਥੇ ਨੰਬਰ ਉਤੇ ਅਸਟਰੀਆ, ਡੈਨਮਾਰਕ, ਆਇਰਲੈਂਡ, ਲਕਸਮਬਰਗ, ਨੀਦਰਲੈਂਡ, ਨਾਰਵੇ ਅਤੇ ਸਵੀਡਨ ਦੇ ਪਾਸਪੋਰਟ ਧਾਰਕ 191 ਦੇਸ਼ਾਂ ਵਿਚ ਪੰਜਵੇਂ ਨੰਬਰ ਉਤੇ ਬੈਲਜ਼ੀਅਮ, ਨਿਊਜ਼ੀਲੈਂਡ, ਪੁਰਤਗਾਲ, ਸਵਿੱਟਰਜ਼ਲੈਂਡ ਅਤੇ ਯੂਨਾਈਟਿਡ ਕਿੰਗਡਮ ਦੇ ਪਾਸਪੋਰਟ ਧਾਰਕ 190 ਦੇਸ਼ਾਂ ਵਿਚ ਜਾ ਸਕਦੇ ਹਨ।
ਇਸ ਦੇ ਇਲਾਵਾ ਜੇਕਰ ਭਾਰਤ ਦੇਸ਼ ਵੱਲ ਨਿਗ੍ਹਾ ਮਾਰੀਏ ਤਾਂ ਭਾਰਤ ਇਸ ਵੇਲੇ 85ਵੇਂ ਨੰਬਰ ਉਤੇ ਹੈ। ਇਸਦੇ ਨਾਲ ਹੀ 5ਵੇਂ ਨੰਬਰ ਉਤੇ ਭਮੱਧ ਸਾਗਰ ਗਿਨੀ ਅਤੇ ਨਾਈਜਰ ਆਏ ਹਨ। ਪੰਜਵੇਂ ਸਥਾਨ ਵਾਲੇ ਪਾਸਪੋਰਟ ਧਾਰਕ 57 ਦੇਸ਼ਾਂ ਵਿਚ ਵੀਜਾ ਰਹਿਤ ਜਾ ਸਕਦੇ ਹਨ। ਪਾਕਿਸਤਾਨ 103ਵੇਂ ਨੰਬਰ ਉਤੇ ਹੈ ਅਤੇ ਇਥੇ ਦੇ ਪਾਸਪੋਰਟ ਧਾਰਕ 33 ਮੁਲਕਾਂ ਵਿਚ ਵੀਜ਼ਾ ਰਹਿਤ ਜਾ ਸਕਦੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ 101ਵੇਂ ਨੰਬਰ ਉਤੇ ਸੀ।
ਵਰਨਣਯੋਗ ਹੈ ਕਿ ਸਾਲ 2024 ਦੇ ਵਿਚ ਨਿਊਜ਼ੀਲੈਂਡ 6ਵੇਂ ਨੰਬਰ ਉਤੇ ਸੀ ਅਤੇ ਇਸ ਸਾਲ ਇਕ ਨੰਬਰ ਉਪਰ ਚਲਾ ਗਿਆ ਹੈ ਅਤੇ ਭਾਰਤ ਪਿਛਲੇ ਸਾਲ 80ਵੇਂ ਨੰਬਰ ਉਤੇ ਸੀ ਅਤੇ 5 ਨੰਬਰ ਹੇਠਾਂ ਖਿਸਕ ਗਿਆ ਹੈ। ਨਿਊਜ਼ੀਲੈਂਡ ਦਾ ਇਸ ਵਾਰ ਦਾ ਰੈਂਕ 2017 ਤੋਂ ਬਾਅਦ ਨਿਊਜ਼ੀਲੈਂਡ ਲਈ ਸਭ ਤੋਂ ਉੱਚਾ ਰਿਹਾ ਹੈ। ਇਹ ਦਰਜਾਬੰਦੀ 2015 ਵਿੱਚ 4ਵੇਂ ਨੰਬਰ ’ਤੇ ਸੀ ਪਰ 2018 ਅਤੇ 2019 ਵਿੱਚ 8ਵੇਂ ਸਥਾਨ ਤੱਕ ਹੇਠਾਂ ਆ ਗਈ। ਸੂਚਕਾਂਕ ਦੇ ਅਨੁਸਾਰ, ਨਿਊਜ਼ੀਲੈਂਡ ਪਾਸਪੋਰਟ ਦੇ ਧਾਰਕ ਦੁਨੀਆ ਭਰ ਦੇ 227 ਸਥਾਨਾਂ ਵਿੱਚੋਂ 190 ਤੱਕ ਵੀਜ਼ਾ-ਮੁਕਤ ਪਹੁੰਚ ਪ੍ਰਾਪਤ ਕਰ ਸਕਦੇ ਹਨ। ਸਿੰਗਾਪੁਰ ਲਗਾਤਾਰ ਦੂਜੇ ਸਾਲ ਇਸ ਸੂਚੀ ਵਿਚ ਸਿਖਰ ’ਤੇ ਹੈ। ਇਹ ਪਿਛਲੇ ਅੱਠ ਸਾਲਾਂ ਤੋਂ ਸੂਚੀ ਵਿੱਚ ਪਹਿਲੇ ਜਾਂ ਦੂਜੇ ਸਥਾਨ ’ਤੇ ਹੈ। ਸੂਚੀ ਦੇ ਅੰਤਲੇ ਸਿਰੇ ’ਤੇ ਯਮਨ, ਈਰਾਨ ਅਤੇ ਸੀਰੀਆ ਸਮੇਤ ਦੇਸ਼ ਹਨ, ਅਫਗਾਨਿਸਤਾਨ 106ਵੇਂ ਸਥਾਨ ’ਤੇ ਹੈ, ਸਿਰਫ 26 ਦੇਸ਼ਾਂ ਨੂੰ ਵੀਜ਼ਾ-ਮੁਕਤ ਪਹੁੰਚ ਦੀ ਇਜਾਜ਼ਤ ਹੈ।