ਕਰੇਨ ਦੁਰਘਟਨਾ ਦੇ ਸ਼ਿਕਾਰ ਫੌਜੀ ਜਵਾਨ ਦੀ ਮੌਤ , ਪਿੰਡ ਵਿੱਚ ਸੋਗ ਦੀ ਲਹਿਰ
ਰੋਹਿਤ ਗੁਪਤਾ
ਗੁਰਦਾਸਪੁਰ , 9 ਜਨਵਰੀ 2025 :
ਜਿਲਾ ਗੁਰਦਾਸਪੁਰ ਦੇ ਪਿੰਡ ਦੀਵਾਨੀ ਬੱਲ ਕਲਾਂ ਦਾ ਰਹਿਣ ਵਾਲਾ ਕਰਮਵੀਰ ਸਿੰਘ ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਇਹ ਨੌਜਵਾਨ ਪਿਛਲੇ 16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ ।ਇਹ ਮਹਿਕਮਾ ਜਲ ਸੈਣਾ, ਥਲ ਸੈਨਾ ਅਤੇ ਵਾਯੂ ਸੈਨਾ ਦੇ ਨਾਲ ਸੜਕਾਂ ,ਪੁਲ , ਸੁਰੰਗਾ ਤੇ ਮੋਰਚੇ ਬਣਾਉਣ ਦਾ ਇਥੋਂ ਤੱਕ ਕਿ ਭਾਰਤੀ ਸੈਨਾ ਲਈ ਏਅਰਪੋਰਟ ਬਣਾਉਣ ਦਾ ਵੀ ਕੰਮ ਕਰਦਾ ਹੈ। ਕਰਮਵੀਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਪਿਤਾ ,ਪਤਨੀ ਅਤੇ ਇੱਕ 14 ਸਾਲ ਦੇ ਬੱਚੇ ਨੂੰ ਛੱਡ ਗਿਆ ਹੈ। ਜਦੋਂ ਦੀ ਕਰਮਵੀਰ ਸਿੰਘ ਦੀ ਮੌਤ ਦੀ ਖਬਰ ਪਿੰਡ ਵਾਸੀਆਂ ਨੂੰ ਪਤਾ ਲੱਗੀ ਉਦੋਂ ਦੀ ਹੀ ਪਿੰਡ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸ਼ੋਕ ਦੀ ਲਹਿਰ ਹੈ।
ਕਰਮਵੀਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਕੱਲ ਇੱਕ ਫੋਨ ਆਇਆ ਸੀ ਕਿ ਉਹਨਾਂ ਦੇ ਭਰਾ ਦਾ ਕਰੇਨ ਚਲਾਉਂਦੇ ਹੋਏ ਐਕਸੀਡੈਂਟ ਹੋ ਗਿਆ ਹੈ। ਥੋੜੀ ਦੇਰ ਬਾਅਦ ਫਿਰ ਫੋਨ ਆ ਗਿਆ ਕਿ ਉਹਨਾਂ ਦਾ ਭਰਾ ਸ਼ਹੀਦ ਹੋ ਗਿਆ ਹੈ। ਕੱਲ ਨੂੰ ਉਸਦੇ ਮ੍ਰਿਤਕ ਦੇ ਪਿੰਡ ਪਹੁੰਚੇਗੀ। ਇਸੇ ਮਹਿਕਮੇ ਦੇ ਵਿੱਚੋਂ ਸੇਵਾ ਮੁਕਤ ਹੋ ਕੇ ਆਏ ਪਿੰਡ ਵਾਸੀ ਨੇ ਕਿਹਾ ਕਿ ਇਹ ਮਹਿਕਮਾ ਕੇਂਦਰ ਦੀ ਸਰਕਾਰ ਦੇ ਅੰਡਰ ਆਉਂਦਾ ਹੈ ਤੇ ਸੈਨਾ ਦੇ ਨਾਲ ਹੀ ਇਸ ਦਾ ਸਾਰਾ ਕੰਮ ਹੈ। ਸੈਨਾ ਦੇ ਜਿੰਨੇ ਵੀ ਕੰਮ ਹੁੰਦੇ ਹਨ ਸਾਡਾ ਮਹਿਕਮਾ ਹੀ ਕਰਦਾ ਹੈ ਤੇ ਸਾਰੀਆਂ ਸਹੂਲਤਾਂ ਸਾਨੂੰ ਸੈਨਾ ਵਾਲੀਆਂ ਹੀ ਮਿਲਦੀਆਂ ਹਨ। ਵਰਦੀ ਵੀ ਅਸੀ ਫੌਜ ਵਾਲੀ ਹੀ ਪਾਉਂਦੇ ਹਾਂ ।ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸਾਡੇ ਪਿੰਡ ਦਾ ਨੌਜਵਾਨ ਸ਼ਹੀਦ ਹੋਇਆ ਹੈ ਪਰ ਦੁੱਖ ਉਸ ਤੋਂ ਜਿਆਦਾ ਹੈ ਕਿਉਂਕਿ ਉਹ ਆਪਣੇ ਪਿੱਛੇ ਇੱਕ 14 ਸਾਲ ਦਾ ਪੁੱਤਰ ਅਤੇ ਆਪਣੇ ਮਾਪਿਆਂ ਨੂੰ ਛੱਡ ਗਿਆ।