ਡਿਪਟੀ ਕਮਿਸ਼ਨਰ ਵੱਲੋਂ ਰਾਈਟ-ਟੂ- ਬਿਜ਼ਨੈੱਸ ਐਕਟ ਤਹਿਤ ਅਪਰੂਵਲ ਪੱਤਰ ਜਾਰੀ
ਸਨਅਤਕਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਿਰ ਸਾਰੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਣਗੀਆਂ - ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ
ਰੋਹਿਤ ਗੁਪਤਾ
ਗੁਰਦਾਸਪੁਰ, 9 ਜਨਵਰੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਨਿਵੇਸ਼ ਦੇ ਮੌਕੇ ਵਧਾਉਣ 'ਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਦਯੋਗਪਤੀਆਂ ਨੂੰ ਵੱਖ-ਵੱਖ ਦਫ਼ਤਰ ਦੇ ਚੱਕਰ ਨਹੀਂ ਮਾਰਨੇ ਪੈਂਦੇ ਅਤੇ ਸਾਰੀਆਂ ਸਹੂਲਤਾਂ ਇੱਕੋ ਹੀ ਖਿੜਕੀ ਰਾਹੀਂ ਦੇ ਦਿੱਤੀਆਂ ਜਾਂਦੀਆਂ ਹਨ।
ਇਸੇ ਸਹੂਲਤ ਤਹਿਤ ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਯੋਗ ਪਾਈ ਗਈ ਹੋਟਲ ਸਨਅਤ ਦੀ ਇਕਾਈ, ਲੂਥਰਾ ਐਂਡ ਕੁਮਾਰ ਹਾਸਪਟੈਲਟੀ ਪ੍ਰਾਈਵੇਟ ਲਿਮਟਿਡ, ਬਟਾਲਾ ਦੇ ਮਾਲਕ ਮਾਣਿਕ ਲੂਥਰਾ ਨੂੰ ਅੱਜ ਪ੍ਰਵਾਨਗੀ ਪੱਤਰ ਜਾਰੀ ਕੀਤਾ ਗਿਆ। ਬਟਾਲਾ ਦੇ ਉੱਦਮੀ ਮਾਣਿਕ ਲੂਥਰਾ ਵੱਲੋਂ 21 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਜਿਸ ਨਾਲ 100 ਵਿਅਕਤੀਆਂ ਨੂੰ ਸਿੱਧੇ ਤੌਰ ਅਤੇ ਕਈ ਹੋਰਾਂ ਨੂੰ ਅਸਿੱਧੇ ਤੌਰ 'ਤੇ ਰੋਜ਼ਗਾਰ ਮਿਲੇਗਾ। ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਇੰਨ ਪ੍ਰਿੰਸੀਪਲ ਅਪਰੂਵਲ ਪੱਤਰ ਜਾਰੀ ਕਰਦੇ ਹੋਏ ਬਟਾਲਾ ਦੇ ਉੱਦਮੀ ਮਾਣਿਕ ਲੂਥਰਾ ਨੂੰ ਵਧਾਈ ਦੇਣ ਦੇ ਨਾਲ ਉਨ੍ਹਾਂ ਦੇ ਪ੍ਰੋਜੈਕਟ ਦੀ ਸਫਲਤਾ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਨਅਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਈਟ-ਟੂ- ਬਿਜ਼ਨੈੱਸ ਐਕਟ-2020 ਤਹਿਤ ਯੋਗ ਸਨਅਤਾਂ ਨੂੰ ਇੰਨ ਪ੍ਰਿੰਸੀਪਲ ਅਪਰੂਵਲ ਦਿੱਤੀ ਜਾਂਦੀ ਹੈ।
ਇਸ ਮੌਕੇ ਜਨਰਲ ਮੈਨੇਜਰ ਸੁਖਪਾਲ ਸਿੰਘ ਨੇ ਦੱਸਿਆ ਕਿ ਰਾਈਟ-ਟੂ- ਬਿਜ਼ਨੈੱਸ ਐਕਟ 2020 ਤਹਿਤ ਇੰਨ ਪ੍ਰਿੰਸੀਪਲ ਅਪਰੂਵਲ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਇਕਾਈ ਤੁਰੰਤ ਆਪਣੀ ਬਿਲਡਿੰਗ ਬਣਾਉਣ ਦਾ ਕੰਮ ਸ਼ੁਰੂ ਕਰ ਸਕਦੀ ਹੈ ਅਤੇ ਹੋਰਨਾ ਵਿਭਾਗਾਂ ਕੋਲੋਂ ਜੋ ਵੀ ਪ੍ਰਵਾਨਗੀਆਂ ਲੈਣੀਆਂ ਹਨ, ਉਹ ਸਾਢੇ ਤਿੰਨਾਂ ਸਾਲ ਦੇ ਵਿੱਚ ਲੈ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਇਕਾਈ ਰਾਹੀਂ ਵਿਅਕਤੀਆਂ ਨੂੰ ਘਰ ਦੇ ਨੇੜੇ ਹੀ ਰੋਜ਼ਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਨਅਤਕਾਰ ਮਿਲਣੀ ਵਿਚ ਵੀ ਭਰੋਸਾ ਦਿਵਾਇਆ ਗਿਆ ਸੀ ਕਿ ਰਾਈਟ-ਟੂ- ਬਿਜ਼ਨੈੱਸ ਐਕਟ ਅਧੀਨ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਸੇ ਵਾਅਦੇ ਅਨੁਸਾਰ ਸਾਰੇ ਕੰਮ ਹੋ ਰਹੇ ਹਨ।