ਦਿੱਲੀ ਹਵਾਈ ਅੱਡੇ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਰੱਖਣਾ ਸਿੱਖਾਂ ਲਈ ਇੱਕ ਅਨਮੋਲ ਤੋਹਫ਼ਾ ਹੋਵੇਗਾ - ਪ੍ਰੋ. ਸਰਚਾਂਦ ਸਿੰਘ ਖਿਆਲਾ
ਅੰਮ੍ਰਿਤਸਰ 6 ਜਨਵਰੀ 2025 - ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦਿਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਂ ਬਦਲ ਕੇ ‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ’ਤੇ ਰੱਖਣ ਦੀ ਕੀਤੀ ਮੰਗ ਦਾ ਪੂਰਾ ਸਮਰਥਨ ਕੀਤਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਇਹ ਮੰਗ ਸਿੱਖ ਕੌਮ ਦੀ ਚਿਰੋਕਣੀ ਮੰਗ ਹੈ ਅਤੇ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਅਤੇ ਮਨੁੱਖਤਾ ਲਈ ਸ਼ਹਾਦਤ ਦੇਣ ਵਾਲੇ ਗੁਰੂ ਤੇਗ ਬਹਾਦਰ ਜੀ ਦੀ ਦੇਣ ਭਾਰਤ ਦੇ ਲੋਕ ਨਹੀਂ ਦੇ ਸਕਦੇ ਹਨ। ਜੇਕਰ ਅਸੀਂ ਸੱਚਮੁੱਚ ਹੀ ਗੁਰੂ ਤੇਗ ਬਹਾਦਰ ਜੀ ਨੂੰ ਸਿੱਜਦਾ ਕਰਨੀ ਚਾਹੁੰਦੇ ਹਾਂ ਤਾਂ ਇਸ ਸਾਲ ਨਵੰਬਰ ਵਿੱਚ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਜੋ ਕਿ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ’ ਹੈ ਦਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਬਹਾਦਰ ਹਿੰਦ ਦੀ ਚਾਦਰ ਅੰਤਰਰਾਸ਼ਟਰੀ ਹਵਾਈ ਅੱਡਾ ਰੱਖ ਦਿੱਤਾ ਜਾਵੇ। ਇਹ ਸਿੱਖ ਕੌਮ ਲਈ ਇੱਕ ਅਨਮੋਲ ਤੋਹਫ਼ਾ ਹੋਵੇਗਾ ਅਤੇ ਭਾਰਤ ਵਾਸੀਆਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਢੁਕਵਾਂ ਸਨਮਾਨ ਹੋਵੇਗਾ । ਉਨ੍ਹਾਂ ਕਿਹਾ ਕਿ ਜੇਕਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਿਆ ਜਾਵੇ ਤਾਂ ਦੁਨੀਆ ਭਰ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਪਤਾ ਲੱਗ ਸਕੇਗਾ |
ਉਨ੍ਹਾਂ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਉਸ ਦੀ ਮੌਤ ਤੋਂ ਬਾਅਦ ਕਾਂਗਰਸ ਵੱਲੋਂ ਦਿੱਲੀ ਸਮੇਤ ਵੱਡੇ ਸ਼ਹਿਰਾਂ ਵਿੱਚ ਨਿਰਦੋਸ਼ ਸਿੱਖਾਂ ਦਾ ਯੋਜਨਾਬੱਧ ਕਤਲੇਆਮ ਕੀਤਾ ਗਿਆ ਸੀ। 1 ਨਵੰਬਰ 1984 ਨੂੰ ਸਿੱਖ ਹੋਣ ਦਾ ਮਤਲਬ ਨਿਸ਼ਚਿਤ ਮੌਤ ਸੀ। ਕਾਂਗਰਸ ਸਰਕਾਰਾਂ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਦੋਸ਼ੀਆਂ ਨੂੰ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ । ਉਨ੍ਹਾਂ ਕਿਹਾ ਕਿ ਜੇਕਰ ਕੌਮਾਂਤਰੀ ਹਵਾਈ ਅੱਡੇ ਤੋਂ ਇੰਦਰਾ ਗਾਂਧੀ ਵਰਗੇ ਸ਼ਾਸਕ ਦਾ ਨਾਂ ਹਟਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਕਰ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਸਮੇਤ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸਿਆਸੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਹੀ ਨਹੀਂ, ਸਗੋਂ ਗੁਰੂ ਸਾਹਿਬਾਨ ਨਾਲ ਸਬੰਧਿਤ ਵੱਡੇ ਕਾਰਜਾਂ ਦੇ ਫ਼ੈਸਲੇ ਵੀ ਲੈਣੇ ਚਾਹੀਦੇ ਹਨ ।