ਸੜਕੀ ਹਾਦਸਿਆਂ ਨੂੰ ਰੋਕਣ ਲਈ ਡਡਵਿੰਡੀ ਚੌਂਕ ਵਿਖੇ ਲੱਗੇ ਰਿਫਲੈਕਟਰ ਤੇ ਜੈਬਰਾ ਕਰਾਸਿੰਗ
- ਡਿਪਟੀ ਕਮਿਸ਼ਨਰ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਆਵਾਜਾਈ ਵਿੱਚ ਦਰਪੇਸ਼ ਔਕੜਾਂ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼
- ਧੁੰਦ ਦੇ ਮੌਸਮ ਦੇ ਮੱਦੇਨਜਰ ਲੋਕਾਂ ਨੂੰ ਵਾਹਨ ਧੀਮੀ ਰਫ਼ਤਾਰ ਨਾਲ ਚਲਾਉਣ ਦੀ ਅਪੀਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 4 ਜਨਵਰੀ 2025 - ਸੁਲਤਾਨਪੁਰ ਲੋਧੀ - ਕਪੂਰਥਲਾ ਸੜਕ ਬਾਰਸਤਾ ਡਡਵਿੰਡੀ ਉੱਪਰ ਬੀਤੇ ਕੱਲ੍ਹ ਹੋਏ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਦੇ ਨਿਰਦੇਸ਼ਾਂ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੇ ਡਡਵਿੰਡੀ ਚੌਂਕ ਵਿਚ ਡਿਵਾਈਡਰ ਉੱਪਰ ਜਿੱਥੇ ਰਿਫਲੈਕਟਰ (ਕੈਟ ਆਇਸ ਜੋ ਕਿ ਹਨੇਰੇ ਤੇ ਧੁੰਦ ਵਿੱਚ ਦੂਰ ਤੋਂ ਚਮਕਦੇ ਹਨ ) ਲਗਾਏ ਗਏ ਹਨ ਉੱਥੇ ਹੀ ਲੋੜ ਅਨੁਸਾਰ ਜੈਬਰਾ ਕਰਾਸਿੰਗ ਵੀ ਬਣਾਈ ਗਈ ਹੈ ।
ਡਿਪਟੀ ਕਮਿਸ਼ਨਰ ਸ੍ਰੀ ਪੰਚਾਲ ਨੇ ਦੱਸਿਆ ਕਿ ਬੀਤੇ ਦਿਨੀਂ ਡਿਵਾਈਡਰ ਉੱਪਰ ਰਿਫਲੈਕਟਰਾਂ ਦੀ ਅਣਹੋਂਦ ਤੇ ਧੁੰਦ ਕਾਰਨ ਹਾਦਸਾ ਵਾਪਰਿਆ ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾ਼ਸ਼ਨ ਵਲੋਂ ਤੁਰੰਤ ਲੋਕ ਨਿਰਮਾਣ ਵਿਭਾਗ ਨੂੰ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਤੁਰੰਤ ਅਜਿਹੀਆਂ ਸਾਰੀਆਂ ਥਾਵਾਂ ਉੱਪਰ ਸਾਈਨੇਜ ਲਗਾਉਣ , ਜੈਬਰਾ ਕਰਾਸਿੰਗ ਬਣਾਉਣ , ਡਿਵਾਈਡਰ ਉੱਪਰ ਪੀਲੀ ਪੱਟੀ ਬਣਾਉਣ ਤੇ ਰਿਫਲੈਕਟਰ ਲਗਾਉਣ ਲਈ ਨਿਰਦੇਸ਼ ਦਿੱਤੇ ਗਏ ਸਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੁਲਤਾਨਪੁਰ ਲੋਧੀ - ਕਪੂਰਥਲਾ ਸੜਕ ਬਾਰਸਤਾ ਡਡਵਿੰਡੀ ਤੇ ਸੁਲਤਾਨਪੁਰ ਲੋਧੀ - ਕਪੂਰਥਲਾ ਬਾਰਾਸਤਾ ਫੱਤੂਢੀਂਗਾ ਸੜਕਾਂ ਜਿਨ੍ਹਾਂ ਨੂੰ ਹਾਲ ਹੀ ਵਿੱਚ 4 ਮਾਰਗੀ ਕੀਤਾ ਗਿਆ ਹੈ , ਉੱਪਰ ਅਜਿਹੀ ਹਰੇਕ ਅੜਚਨ ਨੂੰ ਦੂਰ ਕਰਨ ਜਿਸ ਨਾਲ ਹਾਦਸਾ ਹੋਣ ਦਾ ਖ਼ਦਸ਼ਾ ਹੋਵੇ ।
ਸ੍ਰੀ ਪੰਚਾਲ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਤ ਵੇਲੇ ਦੋਹਾਂ ਸੜਕਾਂ ਦੀ ਖੁਦ ਨਿਗਰਾਨੀ ਕਰਕੇ ਆਵਾਜਾਈ ਵਿੱਚ ਦਰਪੇਸ਼ ਕਿਸੇ ਵੀ ਮੁਸ਼ਕਿਲ ਨੂੰ ਤੁਰੰਤ ਦੂਰ ਕਰਨ ਤਾਂ ਜੋ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ । ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਧੁੰਦ ਦੇ ਮੌਸਮ ਦੇ ਮੱਦੇਨਜਰ ਵਾਹਨਾਂ ਦੀ ਰਫ਼ਤਾਰ ਧੀਮੀ ਰੱਖਣ ।