ਸੀਤ ਲਹਿਰ ਦੇ ਚੱਲਦਿਆ ਸਿਹਤ ਵਿਭਾਗ ਫਾਜਿਲਕਾ ਵੱਲੋਂ ਜਰੂਰੀ ਸੁਝਾਅ
ਬੰਦ ਕਮਰੇ ਵਿੱਚ ਅੰਗੀਠੀ ਨਾ ਬਾਲੀ ਜਾਵੇ: ਡਾ ਐਰਿਕ
ਫਾਜ਼ਿਲਕਾ, 1 ਜਨਵਰੀ 2025 :
ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਸਰਦੀ ਨਾਲ ਆਮ ਜਨ—ਜੀਵਨ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਇਲਾਕੇ ਵਿਚ ਸੀਤ ਲਹਿਰ ਨੇ ਹੋਰ ਜ਼ੋਰ ਫੜ ਲਿਆ ਹੈ। ਜਿਲ੍ਹਾ ਸਿਹਤ ਵਿਭਾਗ ਫਾਜਿਲਕਾ ਨੇ ਸੀਤ ਲਹਿਰ ਦੇ ਚੱਲਦਿਆ ਇਸ ਤੋਂ ਬਚਾਅ ਸਬੰਧੀ ਜਿਲ੍ਹਾ ਵਾਸੀਆਂ ਲਈ ਸੁਝਾਅ ਦਿੱਤੇ ਹਨ।
ਸਿਵਲ ਸਰਜਨ ਡਾ. ਡਾ ਲਹਿੰਬਰ ਰਾਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਕਵਿਤਾ ਸਿੰਘ ਅਤੇ ਡਾ ਐਰਿਕ ਨੇ ਦੱਸਿਆ ਕਿ ਖੁਸ਼ਕ ਸਰਦੀ ਦੇ ਮੌਸਮ ਵਿਚ ਬੱਚੇ, ਬਜ਼ੁਰਗ ਤੇ ਨੌਜਵਾਨ ਖੰਘ, ਜੁਕਾਮ, ਗਲਾ ਖਰਾਬ ਅਤੇ ਬੁਖਾਰ ਦੀ ਲਪੇਟ ਵਿਚ ਆ ਰਹੇ ਸਨ। ਇਹੋ ਜਿਹੇ ਮੌਸਮ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਲਈ ਠੰਢ ਵਿਚ ਜ਼ਿਆਦਾ ਦੇਰ ਰਹਿਣ ਨਾਲ ਗੰਭੀਰ ਮੈਡੀਕਲ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਬਜ਼ੁਰਗ, ਬੱਚੇ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਅਤੇ ਧੁੰਦ ਹੋਣ ਤੇ ਸੈਰ ਕਰਨ ਜਾ ਘਰੋ ਬਾਹਰ ਜਾਣ ਤੋ ਗੁਰੇਜ ਕਰਨ।
ਛੋਟੇ ਬੱਚਿਆ ਨੂੰ ਇਸ ਮੌਸਮ ਵਿਚ ਨਿਮੋਨੀਆ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨੇ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਲਈ ਛੋਟੇ ਬੱਚਿਆ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆ ਜਾਣ।
ਉਹਨਾਂ ਦੱਸਿਆ ਕਿ ਸਰੀਰ ਦੇ ਤਾਪਮਾਨ ਵਿਚ ਗਿਰਾਵਟ ਨਾਲ ਬੋਲਣ ਵਿਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆ ਦੀ ਕਠੋਰਤਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਕਾਂਬੇ ਨੂੰ ਨਜ਼ਰ ਅੰਦਾਜ਼ ਨਾ ਕਰੋ, ਕਿਉਂਕਿ ਇਹ ਸਰੀਰ ਵਿਚ ਗਰਮੀ ਦੀ ਕਮੀ ਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹਨ। ਉਹਨਾਂ ਕਿਹਾ ਕਿ ਠੰਢ ਤੋ ਬਚਾਅ ਲਈ ਗਰਮ ਕੱਪੜੇ ਪਾਓ। ਭਾਰੀ ਕਪੜਿਆਂ ਦੀ ਇਕ ਪਰਤ ਦੀ ਬਜਾਏ ਹਲਕੇ ਭਾਰ ਵਾਲੇ ਕੱਪੜਿਆ ਦੀਆਂ ਕਈ ਪਰਤਾਂ ਵਾਲੇ ਕੱਪੜੇ ਪਾਏ ਜਾਣ,ਕਿਉਂਕਿ ਤੰਗ ਕੱਪੜੇ ਖੂਨ ਦੇ ਪ੍ਰਵਾਹ ਨੂੰ ਘਟਾਉਂਦੇ ਹਨ।
ਉਹਨਾਂ ਕਿਹਾ ਕਿ ਠੰਢ ਵਿਚ ਗਰਮ ਤਰਲ ਪਦਾਰਥਾਂ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਵੇ, ਕਿਉਂਕਿ ਇਹ ਠੰਢ ਦੀ ਲਹਿਰ ਨਾਲ ਲੜਨ ਲਈ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖੇਗਾ। ਲੋੜੀਦੀ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਵਿਟਾਮਿਨ—ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆ ਖਾਓ। ਠੰਢ ਵਿਚ ਘਰਾ ਅੰਦਰ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਥਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿਚ ਆਕਸੀਜਨ ਦੀ ਕਮੀ ਹੋ ਜਾਦੀ ਹੈ। ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਅਲਕੋਹਲ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਮਨੁਖੀ ਸਰੀਰ ਦਾ ਤਾਪਮਾਨ ਘਟਾਉਂਦਾ ਹੈ ਅਤੇ ਹਾਈਪੋਥਰਮੀਆ ਦੇ ਜੋਖਮ ਨੂੰ ਵਧਾਉਂਦਾ ਹੈ। ਤਾਪਮਾਨ ਘੱਟ ਜਾਦਾ ਹੈ ਤੇ ਘਬਰਾਹਟ ਵੱਧ ਜਾਂਦੀ ਹੈ।