ਸਰਕਾਰੀ ਕਾਲਜ ਰੋਪੜ ਵਿਖੇ ਐੱਨ.ਐੱਸ.ਐੱਸ ਦਾ ਸੱਤ ਰੋਜ਼ਾ ਕੈਂਪ ਸਮਾਪਤ
ਤ੍ਰਿਅੰਬਿਕਾ ਅਤੇ ਜਸ਼ਨਪ੍ਰੀਤ ਸਿੰਘ ਚੁਣੇ ਗਏ ਬੈਸਟ ਵਲੰਟੀਅਰ
ਰੂਪਨਗਰ, 01 ਜਨਵਰੀ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦਾ ਸੰਪਨ ਸਮਾਰੋਹ ਕਰਵਾਇਆ ਗਿਆ।
ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ. ਕੁਲਵਿੰਦਰ ਸਿੰਘ ਹਾਜ਼ਰ ਹੋਏ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ, ਆਏ ਮਹਿਮਾਨਾਂ ਅਤੇ ਵਲੰਟੀਅਰਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰਾਂ ਵੱਲੋਂ ਵਲੰਟੀਅਰਾਂ ਦੀ ਕੀਤੀ ਅਗਵਾਈ ਦੀ ਸ਼ਲਾਘਾ ਕੀਤੀ।
ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਕੁਲਦੀਪ ਕੌਰ ਨੇ ਕੈਂਪ ਦੌਰਾਨ ਕੀਤੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਲੰਟੀਅਰ ਤ੍ਰਿਅੰਬਿਕਾ ਨੇ ਕੈਂਪ ਸਬੰਧੀ ਰਿਪੋਰਟ ਪੇਸ਼ ਕੀਤੀ। ਵਲੰਟੀਅਰ ਸਿਮਰਨਜੋਤ ਕੌਰ ਨੇ ਕੈਂਪ ਦੌਰਾਨ ਹਾਸਲ ਕੀਤੇ ਅਨੁਭਵ ਸਾਂਝੇ ਕੀਤੇ ਅਤੇ ਵਲੰਟੀਅਰ ਆਦਰਸ਼ ਅਤੇ ਗੁਰਤੇਜ ਨੇ ਖੁਬਸੂਰਤ ਗੀਤ ਪੇਸ਼ ਕੀਤਾ।
ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਨੇ ਵਲੰਟੀਅਰਾਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਐੱਨ.ਐੱਸ.ਐੱਸ. ਵਿਦਿਆਰਥੀਆਂ ਨੂੰ ਚੰਗਾ ਨਾਗਰਿਕ ਬਣਾਉਣ ਲਈ ਸਹਾਈ ਹੁੰਦੀ ਹੈ, ਜਿਸ ਰਾਹੀਂ ਵਲੰਟੀਅਰ ਨਵੇਂ ਸਮਾਜ ਦੀ ਸਿਰਜਣਾ ਲਈ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਚੁਣੇ ਗਏ ਬੈਸਟ ਵਲੰਟੀਅਰ ਤ੍ਰਿਅੰਬਿਕਾ ਅਤੇ ਜਸ਼ਨਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ। ਵਲੰਟੀਅਰ ਹਰਪ੍ਰੀਤ ਕੌਰ ਨੂੰ ਬੈਸਟ ਪ੍ਰੋਫਾਰਮੈਂਸ ਅਤੇ ਰੁਦਰ ਨੂੰ ਬੈਸਟ ਪ੍ਰੋਜੈਕਟ ਵਰਕ ਦਾ ਸਨਮਾਨ ਦਿੱਤਾ ਗਿਆ। ਗਰੁੱਪ ਲੀਡਰ ਅਤੇ ਸਮੂਹ ਵਲੰਟੀਅਰਾਂ ਦਾ ਵੀ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਪ੍ਰੋਗਰਾਮ ਅਫ਼ਸਰ ਪ੍ਰੋ. ਜਗਜੀਤ ਸਿੰਘ ਨੇ ਆਏ ਮਹਿਮਾਨਾਂ, ਸਟਾਫ ਮੈਂਬਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਪ੍ਰੋ. ਲਵਲੀਨ ਵਰਮਾ ਅਤੇ ਪ੍ਰੋ. ਰਵਨੀਤ ਕੌਰ ਨੇ ਕੀਤਾ।
ਸੱਤ ਰੋਜ਼ਾ ਕੈਂਪ ਨੂੰ ਸਫਲ ਬਣਾਉਣ ਵਿੱਚ ਪ੍ਰੋਗਰਾਮ ਅਫ਼ਸਰ ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਚੰਦਰਗੁਪਤ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਮਨਪ੍ਰੀਤ ਕੌਰ, ਡਾ. ਮਨਦੀਪ ਕੌਰ ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ ਅਤੇ ਡਾ. ਜਤਿੰਦਰ ਕੁਮਾਰ ਵੀ ਹਾਜ਼ਰ ਸਨ।