ਜ਼ਿਲ੍ਹੇ ਵਿੱਚ ਕੋਈ ਵੀ ਬਾਲ ਵਿਆਹ ਨਹੀਂ ਹੋਣ ਦਿੱਤਾ ਜਾਵੇਗਾ:—ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ
ਸ੍ਰੀ ਮੁਕਤਸਰ ਸਾਹਿਬ, 01 ਜਨਵਰੀ:
ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਨਾ ਕੀ ਛੋਟੀ ਉਮਰੇ ਹੀ ਉਨ੍ਹਾਂ ਦਾ ਵਿਆਹ ਕਰ ਦੇਣ, ਜਦ ਕਿ ਬੱਚੇ ਨੂੰ ਵਿਆਹ ਦਾ ਮਤਲਬ ਤੱਕ ਪਤਾ ਨਹੀਂ ਹੁੰਦਾ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਨੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਹੀ ਅਜਿਹਾ ਕੇਸ ਚਾਈਲਡ ਲਾਈਨ ਤੋਂ ਪ੍ਰਾਪਤ ਹੋਇਆ ਜਿਸ ਅਨੁਸਾਰ ਕਿਸੇ ਹੋਰ ਜ਼ਿਲ੍ਹੇ ਤੋਂ ਆ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬੱਚੀ ਦਾ ਵਿਆਹ ਕੀਤਾ ਜਾ ਰਿਹਾ ਸੀ ਅਤੇ ਜਿੱਥੇ ਕਿ ਲੜਕੀ ਦੀ ਉਮਰ ਸਿਰਫ 14 ਸਾਲ ਸੀ। ਪੁਲਿਸ ਵਿਭਾਗ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਹੋਰ ਵਿਭਾਗ ਦੇ ਸਹਿਯੋਗ ਨਾਲ ਮੌਕੇ ’ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਬਾਲ ਵਿਆਹ ਰੁਕਵਾਇਆ ਗਿਆ। ਇਸ ਬਾਲ ਵਿਆਹ ਵਿੱਚ ਲੜਕਾ ਅਤੇ ਲੜਕੀ ਦੋਨੋ ਹੀ ਨਾਬਾਲਿਗ ਸਨ।
ਉਨ੍ਹਾਂ ਦੱਸਿਆ ਜਿੱਥੇ ਕਿ ਛੋਟੀ ਉਮਰ ਵਿੱਚ ਬੱਚੇ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਹੋਣਾ ਚਾਹੀਦਾ ਹੈ ਤਾਂ ਜੋ ਉਹ ਵੱਡੇ ਹੋ ਕੇ ਪਰਿਵਾਰਿਕ ਜਿੰਮੇਵਾਰੀਆਂ ਸਹੀ ਢੰਗ ਨਾਲ ਨਿਭਾ ਸਕਣ, ਉੱਥੇ ਛੋਟੀ ਉਮਰ ਵਿੱਚ ਵਿਆਹ ਕਰਕੇ ਉਹਨਾਂ ਦਾ ਵਿਕਾਸ ਰੋਕ ਕੇ ਉਹਨਾਂ ਨੂੰ ਜਿੰਮੇਵਾਰੀਆਂ ਦੇ ਬੌਝ ਥੱਲੇ ਦਬਾ ਦਿੱਤਾ ਜਾਂਦਾ ਹੈ।
ਡਾ. ਸ਼ਿਵਾਨੀ ਨਾਗਪਾਲ ਵੱਲੋਂ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਬਾਲ ਵਿਆਹ ਨੂੰ ਰੋਕਣ ਵਿੱਚ ਸਹਿਯੋਗ ਦਿੱਤਾ। ਲੜਕੀ ਅਤੇ ਲੜਕੇ ਦੇ ਮਾਤਾ-ਪਿਤਾ ਨੂੰ ਸਮਝਾਇਆ ਗਿਆ, ਲੜਕੀ ਅਤੇ ਲੜਕੇ ਦੋਹਾਂ ਪਰਿਵਾਰਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਆਪਣੇ ਬੱਚਿਆਂ ਦਾ ਵਿਆਹ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਪੂਰੀ ਹੋਣ ’ਤੇ ਹੀ ਕਰਨਗੇ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਵੀ ਬਾਲ ਵਿਆਹ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸ ਦੀ ਸੂਚਨਾ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਪੁਲਿਸ ਵਿਭਾਗ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਦਿੱਤੀ ਜਾਵੇ ਤਾਂ ਜੋ ਬਾਲ ਵਿਆਹ ਰੋਕਿਆ ਜਾ ਸਕੇ ਅਤੇ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਵਿਆਹ ਕਾਨੂੰਨ ਵੱਲੋਂ ਨਿਰਧਾਰਤ ਉਮਰ ਜੋ ਕਿ ਲੜਕੇ ਲਈ 21 ਸਾਲ ਅਤੇ ਲੜਕੀ ਲਈ 18 ਸਾਲ ਹੈ, ਹੋਣ ’ਤੇ ਹੀ ਕੀਤਾ ਜਾਵੇ।