SIR: ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 3 ਜੂਨ 2026 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਜ ਜ਼ਿਲ੍ਹੇ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ 7 ਜੂਨ ਨੂੰ ਜ਼ਿਲ੍ਹੇ ਭਰ ਵਿੱਚ ਲਗਾਏ ਜਾਣ ਵਾਲੇ ਪ੍ਰੀ-ਐਸ.ਆਈ.ਆਰ ਵਿਸ਼ੇਸ਼ ਕੈਂਪਾਂ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਪਾਰਟੀ ਨੁਮਾਇੰਦਿਆਂ ਨਾਲ ਐਸ.ਆਈ.ਆਰ ਦੀ ਸੋਧੀ ਹੋਈ ਸਮਾਂ-ਸਾਰਣੀ ਵੀ ਸਾਂਝੀ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ, ਜਿਨ੍ਹਾਂ ਦਾ ਮੁੱਖ ਉਦੇਸ਼ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਨੂੰ ਹੋਰ ਪਾਰਦਰਸ਼ੀ, ਗਲਤੀ ਰਹਿਤ ਅਤੇ ਸੁਵਿਧਾਜਨਕ ਬਣਾਉਣਾ ਹੈ। ਜਿਨ੍ਹਾਂ ਵੋਟਰਾਂ ਦੇ ਨਾਮ ਹਾਲੇ ਤੱਕ 2003 ਦੀ ਵੋਟਰ ਸੂਚੀ ਨਾਲ ਮੈਪ ਨਹੀਂ ਹੋਏ ਹਨ, ਉਨ੍ਹਾਂ ਨੂੰ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਪਹੁੰਚ ਕੇ ਮੈਪਿੰਗ ਪ੍ਰਕਿਰਿਆ ਪੂਰੀ ਕਰਨ ਦੀ ਸਲਾਹ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਵੋਟਰ ਰਜਿਸਟ੍ਰੇਸ਼ਨ ਵਿੱਚ ਪੂਰਨ ਭਾਗੀਦਾਰੀ ਯਕੀਨੀ ਬਣਾਉਣ ਲਈ ਆਪਣੇ ਬੂਥ ਲੈਵਲ ਏਜੰਟ (ਬੀ.ਐਲ.ਏ) ਤਾਇਨਾਤ ਕਰਨ। ਉਨ੍ਹਾਂ ਦੱਸਿਆ ਕਿ ਬੀ.ਐਲ.ਏਜ਼ ਦੀ ਵਿਸ਼ੇਸ਼ ਟ੍ਰੇਨਿੰਗ 16 ਜੂਨ ਤੋਂ 20 ਜੂਨ ਤੱਕ ਕਰਵਾਈ ਜਾਣੀ ਹੈ, ਇਸ ਲਈ ਸਾਰੀਆਂ ਪਾਰਟੀਆਂ 10 ਜੂਨ ਤੋਂ ਪਹਿਲਾਂ ਸਬੰਧਤ ਬੀ.ਐਲ.ਏਜ਼ ਦੀਆਂ ਸੂਚੀਆਂ ਚੋਣ ਦਫ਼ਤਰ ਬਠਿੰਡਾ ਵਿੱਚ ਜਮ੍ਹਾਂ ਕਰਵਾਉਣ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਪ੍ਰੀ-ਐਸ.ਆਈ.ਆਰ) ਅਧਾਰਿਤ ਵਿਸ਼ੇਸ਼ ਕੈਂਪ 7 ਜੂਨ (ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬਠਿੰਡਾ ਜ਼ਿਲ੍ਹੇ ਦੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ।
ਇਹ ਵਿਸ਼ੇਸ਼ ਮੁਹਿੰਮ ਵੋਟਰ ਸੂਚੀਆਂ ਨੂੰ ਸਹੀ ਅਤੇ ਅਪਡੇਟ ਬਣਾਉਣ ਲਈ ਚਲਾਈ ਜਾ ਰਹੀ ਹੈ। 7 ਜੂਨ ਨੂੰ ਸਾਰੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਵਿਸ਼ੇਸ਼ ਗਹਿਰਾਈ ਸੁਧਾਈ) ਦੀ ਸਮਾਂ-ਸਾਰਣੀ ਵਿੱਚ ਅੰਸ਼ਕ ਸੋਧ ਕੀਤੀ ਗਈ ਹੈ। ਸੋਧੀ ਹੋਈ ਸਮਾਂ-ਸਾਰਣੀ ਅਨੁਸਾਰ ਵੋਟਰ ਸੂਚੀਆਂ ਦੇ ਖਰੜੇ ਦਾ ਪ੍ਰਕਾਸ਼ਨ, ਜੋ ਪਹਿਲਾਂ 31 ਜੁਲਾਈ ਲਈ ਨਿਰਧਾਰਤ ਸੀ, ਹੁਣ 3 ਅਗਸਤ 2026 ਨੂੰ ਕੀਤਾ ਜਾਵੇਗਾ।
ਇਸੇ ਤਰ੍ਹਾਂ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ, ਜਦਕਿ ਉਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਸਮਾਂ-ਸਾਰਣੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇਸ ਅਨੁਸਾਰ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਵੋਟਰਾਂ ਨੂੰ ਇਨਯੂਮਰੇਸ਼ਨ ਫਾਰਮ ਵੰਡਣਗੇ ਅਤੇ ਲੋੜੀਂਦੀ ਜਾਣਕਾਰੀ ਸਮੇਤ ਭਰੇ ਅਤੇ ਦਸਤਖ਼ਤ ਕੀਤੇ ਫਾਰਮ ਇਕੱਠੇ ਕਰਨਗੇ। ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ 1 ਅਕਤੂਬਰ 2026 ਨੂੰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕ 2003 ਦੀਆਂ ਵੋਟਰ ਸੂਚੀਆਂ ਅਤੇ ਸਬੰਧਤ ਖੇਤਰਾਂ ਦੇ ਬੀਐਲਓਜ਼ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਵੈੱਬਸਾਈਟ https://elections.punjab.gov.in/ ’ਤੇ ਜਾ ਸਕਦੇ ਹਨ।
- Download Babushahi App
-
-