Big Breaking: ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਦੀ ਨਵੀਂ ਬਣ ਰਹੀ ਕੋਠੀ 'ਤੇ ਚਲਾਇਆ ਬੁਲਡੋਜ਼ਰ
ਅਸ਼ੋਕ ਵਰਮਾ
ਬਠਿੰਡਾ 3 ਮਾਰਚ 2025 : ਬਠਿੰਡਾ ਪੁਲਿਸ ਪ੍ਰਸ਼ਾਸਨ ਨੇ ਨਸ਼ਿਆਂ ਲਈ ਬਦਨਾਮ ਬਸਤੀ ਬੀੜ ਤਲਾਬ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਬਣਾਈ ਜਾ ਰਹੀ ਨਵੀਂ ਕੋਠੀ ਨੂੰ ਅੱਜ ਬੁਲਡੋਜ਼ਰ ਦੀ ਸਹਾਇਤਾ ਨਾਲ ਮਲੀਆਮੇਟ ਕਰ ਦਿੱਤਾ ਹੈ। ਬਸਤੀ ਬੀੜ ਤਲਾਬ ਉਹ ਪਿੰਡ ਹੈ ਜਿੱਥੇ ਨਸ਼ਾ ਵਿਕਣ ਦੀਆਂ ਲਗਾਤਾਰ ਰਿਪੋਰਟਾਂ ਆ ਰਹੀਆਂ ਸਨ। ਹਾਲਾਂਕਿ ਇਸ ਨਸ਼ਾ ਤਸਕਰ ਸਬੰਧੀ ਪੁਲਿਸ ਨੇ ਅਧਿਕਾਰਿਕ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਸ ਖਿਲਾਫ ਕਿੰਨੇ ਕੇਸ ਦਰਜ ਹਨ ਪਰ ਪੁਲਿਸ ਪ੍ਰਸ਼ਾਸਨ ਨੇ ਅੱਜ ਦੂਸਰੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਜੇਕਰ ਉਹ ਇਹ ਧੰਦਾ ਕਰਨ ਤੋਂ ਬਾਜ ਨਾ ਆਏ ਤਾਂ ਉਹਨਾਂ ਦਾ ਵੀ ਇਹੋ ਹਾਲ ਕੀਤਾ ਜਾਵੇਗਾ।
ਅੱਜ ਜਦੋਂ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੋਂਡਲ ਅਤੇ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪੁਲਿਸ ਪ੍ਰਸ਼ਾਸਨ ਦੇ ਅਫਸਰ ਹਾਜ਼ਰ ਸਨ। ਕਿਸੇ ਕਿਸਮ ਦੀ ਸੰਭਾਵੀ ਗੜਬੜ ਨੂੰ ਦੇਖਦਿਆਂ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਹੋਈ ਸੀ। ਜਦੋਂ ਪੁਲਿਸ ਦੀਆਂ ਟੀਮਾਂ ਬੁਲਡੋਜ਼ਰ ਲੈ ਕੇ ਮੌਕੇ ਤੇ ਪਹੁੰਚੀਆਂ ਤਾਂ ਉਸ ਤੋਂ ਪਹਿਲਾਂ ਇਮਾਰਤ ਦੀ ਉਸਾਰੀ ਕਰਨ ਵਾਲੇ ਮਜ਼ਦੂਰ ਅਤੇ ਮਿਸਤਰੀ ਮੌਕੇ ਤੋਂ ਜਾ ਚੁੱਕੇ ਸਨ। ਪੁਲਿਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਗਲੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।