ਜ਼ਿਲ੍ਹਾ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸੀਤ ਲਹਿਰ ਤੋਂ ਬਚਣ ਦੀ ਸਲਾਹ
ਹਰਜਿੰਦਰ ਸਿੰਘ ਭੱਟੀ
- ਗਰਮ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ ਤੇ ਗਰਮ ਕੱਪੜੇ ਪਾਏ ਜਾਣ
- ਬਜ਼ੁਰਗ ਤੇ ਦਿਲ ਦੇ ਰੋਗੀ ਸਵੇਰੇ-ਸ਼ਾਮ ਸੈਰ ਕਰਨ ਤੋਂ ਪ੍ਰਹੇਜ਼ ਕਰਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜਨਵਰੀ 2025 - ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹਾ ਵਾਸੀਆਂ ਨੂੰ ਸੀਤ ਲਹਿਰ ਤੋਂ ਆਪਣਾ ਬਚਾਅ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਖ਼ਤ ਸਰਦੀ ਦੇ ਮੌਸਮ ’ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਸਾਵਧਾਨੀਆਂ ਵਰਤ ਕੇ ਇਨ੍ਹਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਆਖਿਆ ਕਿ ਲੰਮੇ ਸਮੇ ਤੱਕ ਠੰਢ ਦੇ ਸੰਪਰਕ ਵਿੱਚ ਰਹਿਣ ਨਾਲ ਕਈ ਬੀਮਾਰੀਆਂ ਜਿਵੇਂ ਫਲੂ, ਨੱਕ ਵਗਣਾ, ਹਾਈਪੋਥਰਮੀਆ, ਹਾਰਟ ਅਟੈਕ ਆਦਿ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੀਮਾਰੀਆਂ ਤੇ ਫਲੂ ਆਦਿ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਨੂੰ ਤਰਜੀਹ ਦਿੱਤੀ ਜਾਵੇ। ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਚੰਗੀ ਤਰ੍ਹਾਂ ਬੰਦ ਰੱਖੇ ਜਾਣ ਤਾਕਿ ਠੰਢੀ ਹਵਾ ਅੰਦਰ ਨਾ ਆ ਸਕੇ।
ਉਨ੍ਹਾਂ ਕਿਹਾ ਕਿ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਸਰੀਰ ਨੂੰ ਗਰਮ ਜਾਂ ਨਿੱਘਾ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਵਿਟਾਮਿਨ-ਸੀ ਨਾਲ ਭਰਪੂਰ ਸੰਤੁਲਿਤ ਭੋਜਨ ਦੇ ਨਾਲ-ਨਾਲ ਥੋੜੇ-ਥੋੜੇ ਵਕਫੇ 'ਤੇ ਗਰਮ/ ਕੋਸੇ ਤਰਲ ਪਦਾਰਥ ਵੀ ਲੈਂਦੇ ਰਹਿਣਾ ਚਾਹੀਦਾ ਹੈ।ਇਸ ਤੋਂ ਇਲਾਵਾ ਬਹੁਪਰਤੀ ਗਰਮ/ ਨਿੱਘੇ ਉੱਨੀ ਕੱਪੜੇ ਪਾਏ ਜਾਣ। ਬਜ਼ੁਰਗਾਂ ਨੂੰ ਇਨ੍ਹਾਂ ਦਿਨਾਂ ’ਚ ਅਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ। ਧੁੰਦ ਅਤੇ ਕੜਾਕੇ ਦੀ ਠੰਢ ’ਚ ਬਾਹਰ ਸੈਰ ਕਰਨ ਤੋਂ ਬਚਣਾ ਚਾਹੀਦਾ ਹੈ। ਬਜ਼ੁਰਗ ਅਤੇ ਦਿਲ ਦੇ ਰੋਗੀ ਸਵੇਰੇ-ਸ਼ਾਮ ਸੈਰ ਕਰਨ ਤੋਂ ਬਚਣ।
ਡਾ. ਜੈਨ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅਧੀਨ ਆਉਂਦੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਠੰਢ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਲੋੜੀਂਦੇ ਇੰਤਜ਼ਾਮ ਕਰਨ ਲਈ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਸਿਵਲ ਸਰਜਨ ਨੇ ਕਿਹਾ ਕਿ ਸਰੀਰਕ ਤਾਪਮਾਨ ਦੀ ਕਮੀ ਨਾਲ ਬੋਲਣ ਵਿੱਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਵਿੱਚ ਅਕੜਾਅ, ਸਾਹ ਲੈਣ ਵਿਚ ਔਖਿਆਈ ਹੋ ਸਕਦੀ ਹੈ। ਹਾਈਪੋਥਰਮੀਆ ਯਾਨੀ ਸਰੀਰ ਦੇ ਤਾਪਮਾਨ ਵਿਚ ਬਹੁਤ ਜ਼ਿਆਦਾ ਗਿਰਾਵਟ ਤੋਂ ਪੀੜਤ ਵਿਅਕਤੀ ਜਿੰਨੀ ਜਲਦੀ ਹੋ ਸਕੇ, ਡਾਕਟਰੀ ਸਹਾਇਤਾ ਲੈਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਰਾਬ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸ਼ਰਾਬ ਸਰੀਰ ਦਾ ਤਾਪਮਾਨ ਘਟਾਉਂਦੀ ਹੈ ਅਤੇ ਹਾਈਪੋਥਰਮੀਆ ਦੇ ਜੋਖਮ ਨੂੰ ਵਧਾਉਂਦੀ ਹੈ।ਉਨ੍ਹਾਂ ਆਖਿਆ ਕਿ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਸਬੰਧੀ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।