ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਵਿੱਚ 6 ਉਮੀਦਵਾਰਾਂ ਦੀ ਚੋਣ
ਰੂਪਨਗਰ, 08 ਜਨਵਰੀ 2025: ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਲਗਾਏ ਗਏ ਹਫਤਾਵਰੀ ਪਲੇਸਮੈਂਟ ਕੈਪ ਵਿਚ 6 ਉਮੀਦਵਾਰਾਂ ਦੀ ਚੋਣ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ 6 ਉਮੀਦਵਾਰਾਂ ਦੀ ਚੋਣ ਹੋਈ। ਇਸ ਕੈਂਪ ਵਿੱਚ ਐਸ.ਬੀ.ਆਈ (ਜੀਵਨ ਬੀਮਾ) ਕੰਪਨੀ ਵੱਲੋਂ ਲਾਈਫ ਮਿੱਤਰਾ ਅਤੇ ਡਿਵੈਲਪਮੈਂਟ ਮੈਨੇਜਰ ਦੀਆਂ ਅਸਾਮੀਆਂ ਲਈ ਗ੍ਰੈਜੂਏਟ ਪਾਸ ਪੁਰਸ਼ ਅਤੇ ਇਸਤਰੀ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਕਮਿਸ਼ਨ ਦੇ ਅਧਾਰ ਤੇ ਤਨਖਾਹ ਮਿਲੇਗੀ ਅਤੇ ਡਿਵੈਲਪਮੈਂਟ ਮੈਨੇਜਰ ਦੀ ਅਸਾਮੀ ਤੇ 18000 ਤੋਂ 20,000 ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਉਨ੍ਹਾਂ ਦੱਸਿਆ ਕਿ ਨੌਕਰੀ ਦਾ ਸਥਾਨ ਜਿਲ੍ਹਾ ਰੋਪੜ ਅਤੇ ਨਵਾਂਸ਼ਹਿਰ ਹੋਵੇਗਾ। ਲਾਰਡ ਕ੍ਰਿਸ਼ਨਾ ਇਨਫੋਟੈਕ ਪਾਰਕ (ਇੰਟਰਨੈਟ ਸਰਵਿਸ ਪ੍ਰੋਵਾਈਡਰ) ਵੱਲੋਂ ਲਾਈਨ ਮੈਨ/ਟੈਕਨੀਸ਼ੀਅਨ ਦੀਆਂ ਅਸਾਮੀਆਂ ਲਈ 5ਵੀਂ, 8ਵੀਂ, 10ਵੀਂ ਪਾਸ ਕੇਵਲ ਪੁਰਸ਼ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਸ ਅਸਾਮੀ ਤੇ ਚੁਣੇ ਗਏ ਉਮੀਦਵਾਰਾਂ ਨੂੰ 10,000/- ਰੁਪਏ ਪ੍ਰਤੀ ਮਹੀਨਾ ਸਿਖਲਾਈ ਦੌਰਾਨ + ਪੈਟਰੋਲ ਦਾ ਖਰਚਾ ਦਿੱਤਾ ਜਾਵੇਗਾ। ਨੌਕਰੀ ਦਾ ਸਥਾਨ ਰੋਪੜ ਸ਼ਹਿਰ ਅਤੇ ਆਲੇ-ਦੁਆਲੇ ਦਾ ਖੇਤਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਸੇਲਜ਼ ਐਗਜ਼ੀਕਿਊਟਿਵ ਦੀ ਅਸਾਮੀ ਲਈ 12ਵੀਂ ਪਾਸ ਮਹਿਲਾ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਸ ਅਸਾਮੀ ਲਈ ਚੁਣੀਆਂ ਗਈਆਂ ਉਮੀਦਵਾਰਾਂ ਨੂੰ ਪਹਿਲੇ ਦੋ ਮਹੀਨਿਆਂ ਲਈ 8000 ਰੁਪਏ ਅਤੇ 2 ਮਹੀਨੇ ਉਪਰੰਤ 10,000/- ਰੁਪਏ ਤਨਖਾਹ ਅਤੇ 40000/- (ਚਾਲੀ ਹਜ਼ਾਰ) ਰੁਪਏ ਤੱਕ ਇੰਨਸੈਂਟਿਵ ਮਿਲੇਗਾ। ਦੋ ਮਹੀਨਿਆਂ ਬਾਅਦ ਘੱਟੋ-ਘੱਟ ਤਨਖਾਹ 10000/- ਰੁਪਏ ਮਿਲੇਗੀ।