ਹਰਿਆਣੇ ਦੇ ਸਿੱਖ ਬਾਦਲ ਦਲ ਨੂੰ ਮੂੰਹ ਨਾ ਲਾਉਣ - ਰਵੀਇੰਦਰ ਸਿੰਘ
- ਅਕਾਲੀ ਦਲ 1920 ਦੇ ਪ੍ਰਧਾਨ ਸਰਦਾਰ ਰਵੀਇੰਦਰ ਸਿੰਘ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਬਲਜੀਤ ਸਿੰਘ ਦਾਦੂਵਾਲ ਦੇ ਉਮੀਦਵਾਰਾਂ ਦੀ ਹਿਮਾਇਤ ਕਰਨ ਦਾ ਐਲਾਨ
ਚੰਡੀਗੜ੍ਹ 15 ਜਨਵਰੀ 2025 - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਜ਼ਾਦ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਹਰਿਆਣਾ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਪੰਥਕ ਹਿੱਤਾਂ ਲਈ ਬਾਦਲਾਂ ਨੂੰ ਹਾਰ ਦੇਣੀ ਬੇਹਦ ਜਰੂਰੀ ਹੈ। ਇਸ ਲਈ ਇਹਨਾਂ ਨੇ ਪਰਿਵਾਰਵਾਦ ਨੂੰ ਪ੍ਰਫੁੱਲਤ ਕਰਕੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ ਅਤੇ ਰਾਮ ਰਹੀਮ ਵਰਗੇ ਸਿੱਖ ਵਿਰੋਧੀਆਂ ਨੂੰ ਉਤਸ਼ਾਹਿਤ ਕੀਤਾ। ਡੇਰਾਵਾਦ ਪੰਜਾਬ ਵਿੱਚ ਉਭਾਰਨ ਦਾ ਸਭ ਤੋਂ ਵੱਡਾ ਹੱਥ ਬਾਦਲਾਂ ਦਾ ਵੀ ਹੈ ।
ਆਪਣੇ ਤਜਰਬੇ ਸਾਂਝੇ ਕਰਦਿਆਂ ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਅਤੇ ਉਸ ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। 14 ਦਸੰਬਰ 1920 ਨੂੰ ਅੰਮ੍ਰਿਤਸਰ ਵਿੱਚ ਗੁਰਦੁਆਰਾ ਸੁਧਾਰ ਲਹਿਰ ਲਈ ਬਣੇ ਵੱਖ ਵੱਖ ਇਲਾਕਿਆਂ ਦੇ ਜਥਿਆਂ ਤੇ ਨੁਮਾਇੰਦਿਆਂ ਦੀ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਇੱਕ ਕੇਂਦਰੀ ਜਥੇਬੰਦੀ, ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੋਵੇ, ਬਣਾਈ ਜਾਵੇ ਪਰ ਹੈਰਾਨੀ ਇਹ ਹੈ ਕਿ ਇਨੀ ਮਹਾਨ ਕੁਰਬਾਨੀਆਂ ਨਾਲ ਹੌਂਦ ਚ ਆਈ ਪਾਰਟੀ ਨੂੰ ਬਾਦਲ ਦਲ ਨੇ ਸਿਆਸੀ ਚਾਲਬਾਜ਼ੀਆਂ ਨਾਲ ਪਰਿਵਾਰਵਾਦ ਤੱਕ ਸੀਮਤ ਕਰ ਲਿਆ। ਸਾਬਕਾ ਸਪੀਕਰ ਨੇ ਕਿਹਾ ਕਿ ਆਪਣੇ ਆਪ ਨੂੰ ਅਕਾਲੀ ਅਖਵਾਉਣ ਵਾਲੇ ਕੁਝ ਅਖੌਤੀ ਅਕਾਲੀਆਂ ਨੇ ਲੋਕਾਂ ਤੋਂ ਦੂਰੀ, ਹੰਕਾਰ, ਲਾਲਚ, ਰਿਸ਼ਵਤਖ਼ੋਰੀ ਅਤੇ ਪਰਿਵਾਰਵਾਦ ਨੂੰ ਜਨਮ ਦਿੱਤਾ, ਜੋ ਅੱਜ ਵੀ ਜਾਰੀ ਹੈ।
ਅਜਿਹੇ ਹਾਲਾਤ ਵਿੱਚ ਪ੍ਰਤੱਖ ਹੈ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ ਪਰ ਬਾਦਲ ਪਰਿਵਾਰ ਦੀ ਨਹੀਂ, ਅੱਜ ਵੀ ਸ਼੍ਰੋਮਣੀ ਅਕਾਲੀ ਦਲ ਫਿਰ ਮਜ਼ਬੂਤ ਹੋ ਸਕਦਾ ਹੈ, ਇਸ ਦਾ ਜਵਾਬ ਇਹ ਹੈ ਕਿ ਜੇ ਲੋਕ ਜਾਗਣ,ਬਾਦਲ ਦਲੀਏ ਪਾਰਟੀ ਤੋਂ ਦੂਰ ਰਹਿਣ, ਪਰਿਵਾਰਵਾਦ ਦੀ ਥਾਂ ਪੰਥ ਨੂੰ ਤਰਜੀਹ ਦਿੱਤੀ ਜਾਵੇ।
ਬਾਦਲਾਂ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਬਾਰੇ ਕੌਮੰ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬੇਸ਼ੁਮਾਰ ਕੁਰਬਾਨੀਆਂ ਨਾਲ ਹੌਦ ਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਤੇ ਵਜੂਦ 1996 ਚ ਹੋਈ ਮੋਗਾ ਕਾਨਫਰੰਸ ਚ ਖਤਮ ਕਰਦਿਆਂ ਪੰਜਾਬ ਪਾਰਟੀ ਬਣਾ ਦਿਤੀ । ਅਕਾਲੀ ਦਲ ਨੂੰ ਸਿਧਾਂਤਹੀਣ ਕਰਨ ਬਾਅਦ ਪਾਰਟੀ ਦੀ ਵਾਂਗਡੋਰ ਪਤਿਤਾਂ ਹਵਾਲੇ ਕਰ ਦਿਤੀ । 2007 ਚ ਸੌਦਾ ਸਾਧ ਨੇ ਦਸਮ ਪਿਤਾ ਦਾ ਸਵਾਂਗ, ਉਸ ਖਿਲਾਫ ਪਰਚਾ ਕੈਪਟਨ ਸਰਕਾਰ ਨੇ ਕੀਤਾ ਪਰ ਬਾਦਲਾਂ ਸਤਾ ਚ ਵਾਪਸੀ ਕਰਦਿਆਂ ,ਇਹ ਪਰਚਾ ਰੱਦ ਕਰਵਾ ਦਿਤਾ ,ਜਿਸ ਨਾਲ ਡੇਰੇ ਦੇ ਪੈਰੋਕਾਰਾਂ ਦਾ ਹੌਂਸਲਾ ਵਧ ਗਿਆ । ਉਨ੍ਹਾ ਅੱਗੇ ਕਿਹਾ ਕਿ ਜੂਨ 2015 ਚ ਸੌਦਾ-ਸਾਧ ਦੇ ਪੈਰੋਕਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕਿਆ ਤੇ ਕੌਮ ਨੂੰ ਵੰਗਾਰਿਆ ਅਤੇ ਕਰੀਬ ਦੋ ਮਹੀਨਿਆਂ ਬਾਅਦ ਬੇਅਦਬੀ ਕੀਤੀ । ਬਾਦਲ ਸਰਕਾਰ ਇਨ੍ਹਾ ਤਿੰਨ ਮਹੀਨਿਆਂ ਚ ਵੀ ਸਾਧ ਖਿਲਾਫ ਸਖਤ ਕਾਰਵਾਈ ਕਰ ਨਾ ਸਕੀ ਤਾਂ ਜੋ ਵੋਟਾਂ ਲਈਆਂ ਜਾ ਸਕਣ ।
ਇਸ ਖਿਲਾਫ ਪੰਥਕ ਸੰਗਠਨਾਂ ਮੋਰਚਾ ਲਾਇਆ ,ਜਿਸ ਚ ਦੋ ਸਿੱਖ ਸ਼ਹੀਦ ਹੋ ਗਏ ਪਰ ਮੁਕੱਦਮੇ ਜਾਂਚ ਕਮਿਸ਼ਨਾਂ ਦੇ ਆਲੇ-ਦੁਆਲੇ ਘੁੰਮਾ ਦਿਤੇ ਤਾਂ ਜੋ ਸਾਧ ਨੂੰ ਬਚਾਇਆ ਜਾ ਸਕੇ। ਬਾਦਲਾਂ ਜਥੇਦਾਰ ਸਰਕਾਰ ਕੋਠੀ ਸੱਦ ਕੇ ਬਿਨਾ ਮੰਗਿਆ ਸੌਦਾ-ਸਾਧ ਨੂੰ ਮਾਫੀ ਦਵਾ ਦਿਤੀ । ਇਸ ਦਾ ਕਾਰਨ ਬਾਦਲਾਂ ਕੋਲ ਸਿੱਖ ਸੰਸਥਾਵਾਂ ਤੇ ਕਬਜਾ ਸੀ ਅੰਤ ਵਿਚ ਸ ਰਵੀਇੰਦਰ ਸਿੰਘ ਨੇ ਹਰਿਆਣਾ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਬਲਜੀਤ ਸਿੰਘ ਦਾਦੂਵਾਲ ਵਲੋਂ ਖੜੇ ਕੀਤੇ ਯੋਗ ਉਮੀਦਵਾਰਾਂ ਦਾ ਸਾਥ ਦੇਣ ਭਾਵੇਂ ਉਹ ਅਜ਼ਾਦ ਕੈਡੀਡੇਟ ਹੈ ਜਾਂ ਭਾਈ ਦਾਦੂਵਾਲ ਦੇ ਉਮੀਦਵਾਰ।