ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਅਤੇ ਲੋਕ ਭਲਾਈ ਪਹਿਲਕਦਮੀਆਂ ਲਈ ਪੂਰੀ ਤਨਖਾਹ ਕੀਤੀ ਦਾਨ
- ਬੁੱਢੇ ਦਰਿਆ ਦੀ ਮੁੜ ਸੁਰਜੀਤੀ ਸੰਤ ਸੀਚੇਵਾਲ ਦੇ ਦਿਲ ਦੇ ਨੇੜੇ ਦਾ ਪ੍ਰੋਜੈਕਟ
- ਬਤੌਰ ਸੰਸਦ ਮੈਂਬਰ ਵਜੋਂ ਮਿਲ ਰਹੀ ਤਨਖਾਹ ਨਾਲ ਕੀਤੀ ਜਾ ਰਹੀ ਦਰਿਆ ਦੀ ਕਾਰਸੇਵਾ : ਸੰਤ ਸੀਚੇਵਾਲ
- ਪਹਿਲਾਂ ਵੀ ਸੰਤ ਸੀਚੇਵਾਲ ਨੇ ਪਵਿੱਤਰ ਵੇਂਈ ਦੀ ਕਾਰਸੇਵਾ ਰਾਹੀ ਦੁਨੀਆ ਅੱਗੇ ਪੇਸ਼ ਕੀਤੀ ਹੈ ਮਿਸਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 8 ਜਨਵਰੀ 2025 - ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸਾਰੀ ਤਨਖਾਹ ਮਾਨਵਤਾ ਅਤੇ ਵਾਤਾਵਰਣ ਦੇ ਕੰਮਾਂ ਲਈ ਦਾਨ ਕਰਕੇ ਲੋਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਦਾ ਵਰਤਮਾਨ ਫੋਕਸ ਬੁੱਢਾ ਦਰਿਆ ਨੂੰ ਸਾਫ਼ ਅਤੇ ਪੁਨਰ ਸੁਰਜੀਤ ਕਰਨ ਲਈ ਚੱਲ ਰਹੀ ਕਾਰ ਸੇਵਾ 'ਤੇ ਹੈ, ਜੋ ਕਿ ਦਰਿਆ ਦੇ ਰੂਪ ਵਿੱਚ ਇਸਦੀ ਅਧਿਆਤਮਿਕ ਮਹੱਤਤਾ ਦੇ ਕਾਰਨ ਸੰਤ ਸੀਚੇਵਾਲ ਦੇ ਦਿਲ ਦੇ ਨੇੜੇ ਦਾ ਪ੍ਰੋਜੈਕਟ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨੇ ਚਰਨ ਪਾਏ ਸੀ।
ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਦੀ ਚਰਨਾਂ ਦੀ ਛੋਹ ਪਵਿੱਤਰ ਕਾਲੀ ਵੇਂਈ ਨੂੰ ਕਾਰਸੇਵਾ ਰਾਹੀ ਮੁੜ ਸੁਰਜੀਤ ਕੀਤਾ ਗਿਆ ਸੀ। ਜੋ ਕਿ ਪਵਿੱਤਰ ਬੁੱਢੇ ਦਰਿਆ ਵਾਂਗ ਇੱਕ ਨਾਲਾ ਜਾਂ ਡਸਟਬਿਨ ਬਣ ਚੁੱਕੀ ਸੀ। ਅੱਜ ਉਹ ਪਵਿੱਤਰ ਕਾਲੀ ਵੇਂਈ ਦੇਸ਼ ਦੁਨੀਆ ਲਈ ਇੱਕ ਮਿਸਾਲ ਬਣੀ ਹੋਈ ਹੈ। ਜਿਸਦਾ ਪਾਣੀ ਪੀਤਾ ਜਾ ਸਕਦਾ ਹੈ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਜੇਕਰ ਕੁਦਰਤੀ ਸਰੋਤਾਂ ਵਿੱਚ ਸੁੱਟੇ ਜਾ ਰਹੇ ਕੂੜੇ ਕਰਕਟ ਤੇ ਗੰਦੇ ਪਾਣੀਆਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕੁਦਰਤ ਇਹਨਾਂ ਨੂੰ ਖੁਦ ਸਾਫ ਕਰਨ ਦੇ ਸਮਰੱਥ ਹੈ। ਜਿਸਨੂੰ ਪਵਿੱਤਰ ਵੇਂਈ ਤੇ ਅੱਖੀ ਦੇਖਿਆ ਜਾ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਚੇਵਾਲ ਨੇ ਦੱਸਿਆ ਕਿ ਪੈਸਾ ਕਦੇ ਵੀ ਉਨ੍ਹਾਂ ਦੀ ਤਰਜੀਹ ਨਹੀਂ ਰਿਹਾ, ਕਿਉਂਕਿ ਉਹ ਸਮਾਜ ਦੀ ਸੇਵਾ ਕਰਨ ਲਈ ਵਚਨਬੱਧ ਹਨ। ਬੁੱਢਾ ਦਰਿਆ ਲਈ ਉਸਦੇ ਚੱਲ ਰਹੇ ਕਾਰ ਸੇਵਾ ਦੇ ਯਤਨ ਦਰਿਆ ਨੂੰ ਸਾਫ਼ ਕਰਨ ਅਤੇ ਬਹਾਲ ਕਰਨ ਦੀ ਇੱਕ ਵੱਡੀ ਪਹਿਲਕਦਮੀ ਦਾ ਹਿੱਸਾ ਹਨ। ਉਹਨਾਂ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਅਤੇ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਵਰਤਮਾਨ ਵਿੱਚ ਉਹਨਾਂ ਦੀ ਤਨਖਾਹ ਬੁੱਢੇ ਦਰਿਆ ਦੀ ਸਫਾਈ ਲਈ ਚੱਲ ਰਹੇ ਕਾਰਜਾਂ ਲਈ ਖਰਚ ਕੀਤੇ ਜਾ ਰਹੀ ਹੈ, ਜੋ ਸਾਲਾਂ ਤੋਂ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ।
ਬਾਕਸ ਆਈਟਮ :
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਤ ਸੀਚੇਵਾਲ ਨੇ ਆਪਣੀ ਤਨਖਾਹ ਲੋਕ ਭਲਾਈ ਲਈ ਵਰਤੀ ਹੋਵੇ। ਸਾਲ 2023 ਦੌਰਾਨ ਵੀ ਸੰਤ ਸੀਚੇਵਾਲ ਨੇ ਆਪਣੀ ਪੂਰੀ ਤਨਖਾਹ ਪੰਜਾਬ ਵਿੱਚ ਹੜ੍ਹ ਰਾਹਤ ਕਾਰਜਾਂ ਵਿੱਚ ਲਗਾ ਦਿੱਤੀ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਖਾੜੀ ਦੇਸ਼ਾਂ ਵਿੱਚ ਫਸੀਆਂ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਵਾਪਸ ਲਿਆਉਣ ਸਮੇਂ ਆਪਣੀ ਤਨਖਾਹ ਵਿਚੋਂ ਹੀ ਪੈਸੇ ਖਰਚੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਾਰੀ ਤਨਖਾਹ ਲੋਕਾਂ ਦੇ ਹਿੱਤਾ ਲਈ ਖਰਚਦੇ ਆ ਰਹੇ ਹਨ ਤੇ ਭਵਿੱਖ ਵਿੱਚ ਵੀ ਖਰਚਦੇ ਰਹਿਣਗੇ। ਰਾਜ ਸਭਾ ਮੈਂਬਰ ਬਣਨ ਤੋ ਪਹਿਲਾਂ ਵੀ ਸੰਤ ਸੀਚੇਵਾਲ ਨੇ ਕਰੋਨਾ ਕਾਲ ਦੌਰਾਨ ਨਿਰਮਲ ਕੁਟੀਆ ਸੀਚੇਵਾਲ ‘ਤੇ ਸੋਨੇ ਦਾ ਕਲਸ ਚੜ੍ਹਾਉਣ ਲਈ ਇੱਕਠੇ ਹੋਏ ਸੋਨੇ ਨਾਲ ਲੋਕਾਂ ਅਂੈਬੂਲੰਸ ਖ੍ਰੀਦਕੇ ਲੋਕ ਅਰਪਣ ਕੀਤੀ ਸੀ।