ਸੜਕ ਸੁਰੱਖਿਆ ਮਹੀਨੇ ਦੇ ਤਹਿਤ ਵਿਸ਼ੇਸ਼ ਆਈ ਕੈਂਪ
ਹੁਸ਼ਿਆਰਪੁਰ, 10 ਜਨਵਰੀ 2025: ਪੰਜਾਬ ਸਰਕਾਰ ਵਲੋਂ 31 ਜਲਵਰੀ 2025 ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਡਿਪਟੀ ਕਮਿਸ਼ਨ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਬੱਸ ਸਟੈਂਟ ਹੁਸ਼ਿਆਰਪੁਰ ਵਿਚ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਤਹਿਤ ਇਕ ਵਿਸ਼ੇਸ਼ ਆਈ ਕੈਂਪ ਲਗਾਇਆ ਗਿਆ। ਇਸ ਦੌਰਾਨ ਰਿਜ਼ਨਲ ਟਰਾਂਸਪੋਰਟ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਕੈਂਪ ਦੀ ਅਗਵਾਈ ਜਨਰਲ ਮੈਨੇਜਰ ਪੰਜਾਬ ਰੋਡਵੇਜ ਹੁਸ਼ਿਆਰਪੁਰ ਜਸਵੀਰ ਸਿੰਘ ਕੋਟਲਾ ਵਲੋਂ ਕੀਤੀ ਗਈ।
ਇਸ ਵਿਸ਼ੇਸ਼ ਆਈ ਕੈਂਪ ਵਿਚ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਅੱਖਾਂ ਦੇ ਮਾਹਰ ਡਾ. ਮੀਨੂ ਸਿੱਧੂ ਅਤੇ ਡਾ. ਦੀਪਕ ਚੌਧਰੀ ਦੀ ਟੀਮ ਨੇ ਕਰੀਬ 70 ਵਿਅਕਤੀਆਂ, ਜਿਸ ਵਿਚ ਬੱਸ ਡਰਾਈਵਰ ਅਤੇ ਆਮ ਜਨਤਾ ਸ਼ਾਮਿਲ ਸੀ ਦੀਆਂ ਅੱਖਾਂ ਦੀ ਜਾਂਚ ਕੀਤੀ। ਜਿਨ੍ਹਾਂ ਵਿਅਕਤੀਆਂ ਦੀਆਂ ਅੱਖਾਂ ਦੀ ਗੰਭੀਰ ਸਮੱਸਿਆ ਪਾਈ ਗਈ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਇਲਾਜ ਕਰਾਉਣ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ । ਕੈਂਪ ਦੌਰਾਨ ਜਨਰਲ ਮੈਨੇਜਰ ਨੇ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਦਾ ਧੰਨਵਾਦ ਕਰਦੇ ਹੋਏ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣ। ਸੜਕ ਸੁਰੱਖਿਆ ਮਹੀਨੇ ਦੀ ਇਸ ਮੁਹਿੰਮ ਦਾ ਮੁੱਖ ਉਦੇਸ਼ ਸੜਕ ਦੁਰਘਟਨਾਵਾਂ ਨੂੰ ਘੱਟ ਕਰਨਾ ਅਤੇ ਸਾਰੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਨਾ ਹੈ।