ਸਿਵਲ ਸਰਜਨ ਰੂਪਨਗਰ ਵਲੋਂ ਅਚਨਚੇਤ ਸਿਵਲ ਹਸਪਤਾਲ ਦਾ ਨਿਰੀਖਣ
ਰੂਪਨਗਰ, 17 ਮਾਰਚ: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵਲੋਂ ਸਵੇਰੇ ਅਚਨਚੇਤ ਸਿਵਲ ਹਸਪਤਾਲ ਰੂਪਨਗਰ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਓ.ਪੀ.ਡੀ. ਰਜਿਸਟਰੇਸ਼ਨ ਕਾਊਂਟਰ, ਵੱਖ-ਵੱਖ ਓ.ਪੀ.ਡੀ. ਵਿਖੇ, ਜੱਚਾ ਬੱਚਾ ਵਾਰਡ ਵਿਖੇ, ਮੁਫਤ ਦਵਾਈਆਂ ਦੀ ਡਿਸਪੈਂਸਰੀ ਵਿਖੇ ਸਟਾਫ ਦੀ ਹਾਜਰੀ ਦੀ ਜਾਂਚ ਕੀਤੀ ਗਈ।
ਉਨ੍ਹਾਂ ਵਲੋਂ ਸਖਤ ਹਦਾਇਤ ਜਾਰੀ ਕੀਤੀ ਗਈ ਕਿ ਓ.ਪੀ.ਡੀ. ਰਜਿਸਟਰੇਸ਼ਨ ਕਾਊਂਟਰ ਸਵੇਰੇ 8:30 ਵਜੇ ਖੋਲਣੇ ਸੁਨਿਸ਼ਚਿਤ ਕੀਤੇ ਜਾਣ ਤਾਂ ਜੋ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਨੂੰ ਪਰਚੀ ਬਣਵਾਉਣ ਲਈ ਜਿਆਦਾ ਸਮੇਂ ਤੱਕ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਵਲੋਂ ਡਿਊਟੀ ਉਤੇ ਲੇਟ ਪਹੁੰਚੇ ਸਟਾਫ ਖਿਲਾਫ ਬਣਦੀ ਕਾਰਵਾਈ ਕਰਨ ਹਿਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਉਨ੍ਹਾਂ ਵੱਲੋਂ ਸਖਤ ਤਾੜਨਾ ਕੀਤੀ ਗਈ ਕਿ ਡਿਊਟੀ ਦੇ ਸਬੰਧ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਲੋਂ ਸਟਾਫ ਨੂੰ ਡਿਊਟੀ ਰੋਸਟਰ ਮੁਤਾਬਿਕ ਅਤੇ ਹਸਪਤਾਲ ਦੇ ਵਿੱਚ ਸਾਫ ਸਫਾਈ ਰੱਖਣ ਦੀ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਮੈਡੀਸਿਨ ਦੇ ਡਾਕਟਰ ਨਾਲ ਇਕ ਮੈਡੀਕਲ ਅਫ਼ਸਰ ਅਤੇ ਨਰਸਿੰਗ ਸਟੂਡੈਂਟਸ ਨੂੰ ਵੀ ਲਗਾਇਆ ਜਾਵੇ ਤਾਂ ਜ਼ੋ ਲੋਕਾਂ ਨੂੰ ਹੋਰ ਬੇਹਤਰ ਇਲਾਜ਼ ਮੁਹਈਆ ਕਰਵਾਇਆ ਜਾ ਸਕੇ। ਮਰੀਜਾਂ ਨੂੰ ਬਾਹਰ ਤੋਂ ਦਵਾਈਆਂ ਨਾ ਲਿਖੀਆਂ ਜਾਣ।
ਇਸ ਤੋਂ ਇਲਾਵਾ ਮੈਡੀਕਲ ਓਪੀਡੀ ਵਿੱਚ ਕੇਵਲ ਤੇ ਨਰਸਿੰਗ ਸਟੂਡੈਂਟ ਨੂੰ ਵੀ ਲਗਾਇਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਪਰਚੀ ਬਣਵਾਉਣ ਬਾਬਤ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਸਟੈਨੋ ਹਰਜਿੰਦਰ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਸਿਵਲ ਹਸਪਤਾਲ ਦਾ ਸਟਾਫ ਮੌਜੂਦ ਸਨ।