ਸਿਤਾਰਪੁਰ-ਜੜੌਤ ਸੰਪਰਕ ਸੜਕ ਦੀ ਹਾਲਤ ਬੇਹੱਦ ਮਾੜੀ ਹੋਈ: ਸੜਕ ਘੱਟ ਤੇ ਟੋਏ ਵੱਧ
- ਰਾਹਗੀਰ ਹੋ ਰਹੇ ਨੇ ਜ਼ਖ਼ਮੀ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਜਨਵਰੀ 2025: ਸਿਤਾਰਪੁਰ-ਜੜੌਤ ਸੰਪਰਕ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਸੜਕ ਘੱਟ ਤੇ ਟੋਏ ਵੱਧ ਨਜ਼ਰ ਆਉਂਦੇ ਹਨ ਅਤੇ ਇਥੋਂ ਲੰਘਣ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਪੰਜਾਬ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 18 ਫੁੱਟ ਚੌੜੀ ਬਣੀ ਇਸ ਸੜਕ ਦੀ ਹਾਲਤ ਪੰਜਾਬੀ ਢਾਬੇ ਤੋਂ ਲੈ ਕੇ ਜੜੌਤ ਤੱਕ ਬਹੁਤ ਹੀ ਖਸਤਾ ਹਾਲਤ ਵਿੱਚ ਹੈ। ਪਿੰਡ ਸਿਤਾਰਪੁਰ ਵਾਸੀ ਪੰਚ ਗੁਰਜੰਟ ਸਿੰਘ, ਬਲਰਾਮ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਕੁਮਾਰ, ਪਿੰਡ ਧਰਮਗੜ੍ਹ ਵਾਸੀ ਜਗਤਾਰ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਬੱਲੂ, ਜਗਜੀਤ ਸਿੰਘ ਨੰਬਰਦਾਰ ਤੇ ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਸਿਤਾਰਪੁਰ-ਜੜੌਤ ਸੰਪਰਕ ਸੜਕ ਹੁਣ ਸੜਕ ਨਾ ਰਹਿ ਕਿ ਖੱਡਿਆਂ 'ਚ ਤਬਦੀਲ ਹੋ ਚੁੱਕੀ ਹੈ, ਜਿਸ ਉੱਤੋਂ ਲੰਘਣਾ ਮੌਤ ਨੂੰ ਸੱਦਾ ਦੇਣ ਬਰਾਬਰ ਹੈ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਇੱਥੇ ਰਾਹਗੀਰ ਸੱਟਾਂ ਖਾ ਰਹੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਥੋੜ੍ਹੀ ਜਿਹੀ ਬਰਸਾਤ ਨਾਲ ਇਸ ਸੜਕ ਵਿੱਚ ਪਏ ਟੋਏ ਪਾਣੀ ਨਾਲ ਕਈਂ-ਕਈਂ ਦਿਨ ਭਰੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੱਡੇ ਵਾਹਨ ਇਨ੍ਹਾਂ ਖੱਡਿਆਂ ਰਾਹੀਂ ਲੰਘਦੇ ਹਨ ਤਾਂ ਖੜਿਆ ਗੰਦਾਂ ਪਾਣੀ ਛੋਟੇ ਵਾਹਨਾਂ ਉੱਤੇ ਡਿੱਗਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਚੱਲਦਿਆਂ ਵਾਹਨ ਚਾਲਕਾਂ ਨੂੰ ਖੱਡਿਆਂ ਦਾ ਪਤਾ ਨਹੀਂ ਲੱਗਦਾ , ਜਿਸ ਕਾਰਨ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਬਣੀ ਸੜਕ ਹੁਣ ਸੜਕ ਨਾ ਰਹਿ ਕੇ ਖੱਡਿਆ ਵਾਲਾ ਰਾਸਤਾ ਬਣ ਚੁੱਕਿਆ ਹੈ, ਜਿਸ ਉੱਤੇ ਪ੍ਰਸ਼ਾਸਨ ਨੂੰ ਜਲਦ ਧਿਆਨ ਦੇਣ ਦੀ ਲੋੜ ਹੈ।
ਭਾਰੀ ਵਾਹਨਾਂ ਦੇ ਚੱਲਣ ਕਾਰਨ ਟੁੱਟੀ ਸੜਕ-ਰਾਹਗੀਰ
ਰਾਹਗੀਰਾਂ ਦਾ ਦੋਸ਼ ਹੈ ਕਿ ਪੰਜਾਬੀ ਢਾਬੇ ਤੋਂ ਲੈ ਕੇ ਗੁੱਗਾ ਮਾੜੀ ਤੱਕ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ ਤੇ ਉਸ ਉੱਤੇ ਪਾਇਆ ਗਟਕਾ ਤੇ ਬਜਰੀ ਸੜਕ ਉੱਤੇ ਬਿਖਰੀ ਰਹਿੰਦੀ ਹੈ, ਜਿਸ ਨਾਲ ਦੋ ਪਹਿਆ ਵਾਹਨਾਂ ਦੇ ਸਲਿੱਪ ਕਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੜਕ ਟੁੱਟਣ ਦਾ ਮੁੱਖ ਕਾਰਨ ਵੱਖ-ਵੱਖ ਕੰਪਨੀਆਂ ਦੇ ਵਿੱਚ ਭਾਰੀ ਵਾਹਨਾਂ ਦਾ ਆਉਣਾ–ਜਾਣਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਤਾਰਪੁਰ-ਜੜੌਤ ਸੰਪਰਕ ਸੜਕ ਦੀ ਸਾਰ ਲਈ ਜਾਵੇ ਤੇ ਸੜਕ ਨੂੰ ਮੁੜ ਤੋਂ ਵਧੀਆਂ ਮਟੀਰੀਅਲ ਪਾ ਕੇ ਬਣਾਇਆ ਜਾਵੇ।
ਪ੍ਰਸਤਾਵ ਪਾਸ ਹੋਣ ਤੋਂ ਬਾਅਦ ਕੰਮ ਲਾਇਆ ਜਾਵੇਗਾ- ਅਮਨਵੀਰ ਸਿੰਘ
ਸੰਪਰਕ ਕਰਨ ਤੇ ਮੰਡੀ ਬੋਰਡ ਮੋਹਾਲੀ ਦੇ ਐਸਡੀਓ ਅਮਨਵੀਰ ਸਿੰਘ ਨੇ ਕਿਹਾ ਕਿ ਸੜਕ ਦਾ ਸਰਵੇ ਹੋ ਚੁੱਕਾ ਹੈ ਤੇ ਪੰਜਾਬ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਉਕਤ ਸੜਕ ਦੀ ਰਿਪੇਅਰ ਦਾ ਪ੍ਰਸਤਾਵ ਭੇਜਿਆ ਹੋਇਆ ਸੀ, ਜੋ ਹਾਲੇ ਤੱਕ ਪੈਡਿੰਗ ਚਲਾ ਆ ਰਿਹਾ ਹੈ। ਜਦੋਂ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਜਾਵੇਗਾ, ਉਸੇ ਸਮੇਂ ਉਕਤ ਸੜਕ ਉੱਤੇ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਵੇਗਾ।