ਸ਼ਹਿਰ ਨੂੰ ਸੋਹਣਾ ਬਣਾਉਣ ਲਈ ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਨੇ ਕੀਤੀ ਮੀਟਿੰਗ
ਜਿਲ੍ਹੇ ਦੀਆਂ ਮੁੱਖ ਸੜਕਾਂ ਤੇ ਲਗਾਏ ਜਾਣਗੇ ਦਰਖੱਤ, ਲਾਈਟਾਂ ਅਤੇ ਸੀ.ਸੀ.ਟੀ.ਵੀ ਕੈਮਰੇ- ਢਿੱਲਵਾਂ
ਟਰੈਫਿਕ ਤੋਂ ਨਿਜ਼ਾਤ ਦਵਾਉਣ ਲਈ ਸੜਕਾਂ ਤੇ ਲਗਾਏ ਜਾਣਗੇ ਡੀਵਾਇਡਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 17 ਮਾਰਚ 2025 : ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਵੱਲੋਂ ਜਿਲ੍ਹੇ ਨੂੰ ਸੋਹਣਾ ਅਤੇ ਟਰੈਫਿਕ ਮੁਕਤ ਬਣਾਉਣ ਦੇ ਮਕਸਦ ਨਾਲ ਅੱਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਚੇਅਰਮੈਨ ਸ. ਢਿੱਲਵਾਂ ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਨੂੰ ਸੋਹਣਾ ਬਣਾਉਣ ਦੇ ਨਾਲ ਨਾਲ ਟਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਯੋਜਨਾ ਬਣਾਈ ਗਈ ਹੈ। ਜਿਸ ਤਹਿਤ ਜਿਲ੍ਹੇ ਦੀਆਂ ਸੜਕਾਂ ਉੱਤੇ ਡਵਾਈਡਰ ਲਗਾ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲਗਾਏ ਜਾਣਗੇ। ਇਸ ਤੋਂ ਇਲਾਵਾ ਕੋਟਕਪੂਰਾ ਵਿਖੇ ਬੱਤੀਆਂ ਵਾਲਾ ਚੌਂਕ ਤੋਂ ਲੈ ਕੇ ਬੱਸ ਸਟੈਂਡ ਤੱਕ ਸੜਕ ਤੇ ਡਵਾਈਡਰ ਲਗਾਏ ਜਾਣ ਦੀ ਵੀ ਯੋਜਨਾ ਉਲੀਕੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਟਰੈਫਿਕ ਤੋਂ ਨਿਜ਼ਾਤ ਮਿਲ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਅੰਦਰ ਜਾਂਦੀਆਂ ਮੁੱਖ ਸੜਕਾਂ ਤੇ ਦਰਖੱਤ, ਲਾਈਟਾਂ, ਸੀ.ਸੀ.ਟੀ.ਵੀ ਕੈਮਰੇ ਆਦਿ ਲਗਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਨਿਖਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚ ਮੁੱਖ ਤੌਰ ਤੇ ਫਰੀਦਕੋਟ ਵਿੱਚ ਨਹਿਰਾਂ ਤੋਂ ਘੋੜਾ ਚੌਂਕ ਤੱਕ, ਫੌਜੀ ਚੌਂਕ ਤੋਂ ਕੈਂਟ ਰੋਡ ਤੱਕ, ਸਾਦਿਕ ਚੌਂਕ ਤੋਂ ਸੇਮਨਾਲਾ ਤੱਕ, ਕੋਟਕਪੂਰਾ ਵਿਖੇ ਤਿੰਨ ਕੋਣੀ ਚੌਂਕ ਤੋਂ ਸੂਆ ਚੌਂਕ, ਮੌਗਾ ਰੋਡ ਪੁੱਲ ਤੋਂ ਤਿੰਨ ਕੋਣੀ ਚੌਂਕ, ਫੈਕਟਰੀ ਰੋਡ ਤੋਂ ਪੁੱਲ, ਚੌਂਕ ਤੋਂ ਬੱਸ ਸਟੈਂਡ ਤੱਕ, ਜੈਤੋ ਵਿਖੇ ਮੰਡੀ ਤੋਂ ਬਰਗਾੜੀ ਚੌਂਕ, ਬਾਜਾਖਾਨਾ ਚੌਂਕ ਤੋਂ ਸੂਏ ਤੱਕ, ਸਿਵਲ ਹਸਪਤਾਲ ਤੋਂ ਚੈਨਾ ਰੋਡ ਤੱਕ ਦੇ ਨਾਮ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖਰਚਾ ਜਿਲ੍ਹਾ ਯੋਜਨਾ ਬੋਰਡ ਦੇ ਅਖਤਿਆਰੀ ਕੋਟੇ ਵਿੱਚੋਂ ਕੀਤਾ ਜਾਵੇਗਾ।
ਇਸ ਮੌਕੇ ਜਸਵਿੰਦਰ ਸਿੰਘ, ਗਗਨਦੀਪ ਸਿੰਘ, ਜਗਮੀਤ ਸਿੰਘ, ਪ੍ਰਵੇਸ਼ ਕੁਮਾਰ, ਭੋਲਾ ਸਿੰਘ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।