ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮੁਕੰਮਲ, ਵੋਟਰਾਂ ਦੀ ਕੁੱਲ ਗਿਣਤੀ ਹੋਈ 7,59,457
- ਜ਼ਿਲ੍ਹਾ ਚੋਣ ਅਫ਼ਸਰ ਦੇ ਨਿਰਦੇਸ਼ਾਂ ਤਹਿਤ ਚੋਣ ਤਹਿਸੀਲਦਾਰ ਵੱਲੋਂ ਰਾਜਸੀ ਪਾਰਟੀਆਂ ਨੂੰ ਫੋਟੋ ਵੋਟਰ ਸੂਚੀਆਂ ਦੇ ਸੈੱਟ ਸੌਂਪੇ
ਮੋਗਾ, 7 ਜਨਵਰੀ-
ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ, 2025 ਦੇ ਅਧਾਰ ਉੱਤੇ ਜ਼ਿਲ੍ਹਾ ਮੋਗਾ ਦੇ ਸਮੂਹ 4 ਵਿਧਾਨ ਸਭਾ ਹਲਕਿਆਂ ਵਿਚ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਰਾਹੀਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰਗੰਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਅੰਤਿਮ ਪ੍ਰਕਾਸ਼ਿਤ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈੱਟ (ਹਾਰਡ ਕਾਪੀ) ਅਤੇ ਇੱਕ-ਇੱਕ ਸੀ.ਡੀ. (ਸਾਫਟ ਕਾਪੀ ਬਿਨਾ ਫੋਟੋ ਵਾਲੀ ) ਦਿੱਤੀ ਗਈ ਹੈ।
ਇਸ ਸਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਚੋਣ ਤਹਿਸੀਲਦਾਰ ਮੋਗਾ ਸ਼੍ਰੀ ਬਰਜਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਹੁਣ ਜ਼ਿਲ੍ਹਾ ਮੋਗਾ ਵਿੱਚ ਕੁੱਲ 7,59,457 ਵੋਟਰ ਦਰਜ ਕੀਤੇ ਗਏ ਹਨ। ਇਹਨਾਂ ਵਿੱਚ 404120 ਮਰਦ, 355300 ਔਰਤ ਵੋਟਰ ਅਤੇ ਤੀਜੇ ਲਿੰਗ ਵਾਲੇ 37 ਵੋਟਰ ਸ਼ਾਮਿਲ ਹਨ। ਪੋਲਿੰਗ ਸਟੇਸ਼ਨਾਂ ਦੀ ਗਿਣਤੀ 804 ਹੀ ਹੈ।
ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਬੱਗਾ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਉਹ ਵੋਟਰ ਸੂਚੀਆਂ ਦੀ ਫਾਈਨਲ ਪ੍ਰਕਾਸ਼ਨਾ ਤੋਂ ਬਾਅਦ ਪ੍ਰਾਪਤ ਵੋਟਰ ਸੂਚੀ ਵਿਚ ਸ਼ਾਮਿਲ ਨਾਵਾਂ ਦੀ ਚੈਕਿੰਗ ਆਪਣੇ ਪੱਧਰ ਉੱਤੇ ਕਰ ਲੈਣ। ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਪਾਸੋਂ ਆਸ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਆਪਣਾ ਸਹਿਯੋਗ ਕਰਨਗੀਆਂ।
ਉਹਨਾਂ ਕਿਹਾ ਕਿ ਜਿਹਨਾਂ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ, 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨਾਂ ਦੀ ਵੋਟ ਨਹੀਂ ਬਣੀ, ਉਹ ਆਪਣੀ ਵੋਟ ਬਣਾਉਣ ਜਾਂ ਦਰੁਸਤੀ ਕਰਾਉਣ ਲਈ ਹਾਲੇ ਵੀ ਕੰਮ-ਕਾਜੇ ਵਾਲੇ ਦਿਨ ਆਪਣੇ ਸਬੰਧਤ ਬੀ ਐਲ ਓ ਕੋਲ ਜਾਂ ਐੱਸ ਡੀ ਐੱਮ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਕੇ ਆਨਲਾਈਨ ਫਾਰਮ ਵੀ ਭਰਿਆ ਜਾ ਸਕਦਾ ਹੈ। ਅਗਰ ਫਿਰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ 1950 ਟੋਲ ਫ੍ਰੀ ਨੰਬਰ 'ਤੇ ਮੁਫ਼ਤ ਫੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਵੀ ਵੋਟਰ ਨੂੰ ਆਪਣੇ ਵੋਟਰ ਕਾਰਡ ਵਿੱਚ ਕੋਈ ਵੀ ਦਰੁਸਤੀ ਕਰਵਾਉਣੀ ਹੈ ਜਾਂ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦੇ ਹਨ।
ਇਸ ਮੌਕੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਜਿਵੇਂ ਕਿ ਕਾਂਗਰਸ ਤੋਂ ਸੰਜੀਵ ਕੋਛੜ, ਬੀ.ਜੇ.ਪੀ. ਪਾਰਟੀ ਤੋਂ ਹਿਮਾਂਤ ਸਿੰਘ, ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਗੁਰਪ੍ਰੀਤ ਸਿੰਘ, ਆਮ ਆਦਮੀ ਪਾਰਟੀ ਤੋਂ ਅਮਿਤ ਪੁਰੀ, ਬੀ.ਐਸ.ਪੀ. ਪਾਰਟੀ ਤੋਂ ਗੁਰਪ੍ਰੀਤ ਸਿੰਘ, ਸੀ.ਪੀ.ਆਈ (ਐਮ) ਪਾਰਟੀ ਤੋਂ ਰੋਹਿਤ ਕਾਲੜਾ ਆਦਿ ਹਾਜ਼ਰ ਸਨ।