ਵੈਟਨਰੀ ਯੂਨੀਵਰਸਿਟੀ ਵਿਖੇ ਸੰਪੂਰਨ ਹੋਇਆ ਕੌਮੀ ਸੇਵਾ ਯੋਜਨਾ ਕੈਂਪ
ਲੁਧਿਆਣਾ 15 ਜਨਵਰੀ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਇਕ ਸੱਤ ਰੋਜ਼ਾ ਕੈਂਪ ਲਗਾਇਆ ਗਿਆ। ਇਸ ਦਾ ਵਿਸ਼ਾ ਸੀ ‘ਵਿਕਸਿਤ ਭਾਰਤ ਲਈ ਨੌਜਵਾਨਾਂ ਦਾ ਯੋਗਦਾਨ’। ਕੈਂਪ ਵਿੱਚ 80 ਦੇ ਕਰੀਬ ਵਲੰਟੀਅਰ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਕੈਂਪ ਰਾਹੀਂ ਵਿਦਿਆਰਥੀਆਂ ਨੂੰ ਸਫਾਈ, ਵਾਤਾਵਰਣ ਮੁੱਦੇ ਅਤੇ ਕੌਸ਼ਲ ਵਿਕਾਸ ਹਾਸਿਲ ਕਰਦਿਆਂ ਸਮਾਜ ਦੀ ਸੇਵਾ ਕਰਨ ਸੰਬੰਧੀ ਪ੍ਰੇਰਿਆ ਗਿਆ। ਡਾ. ਨਿਧੀ ਸ਼ਰਮਾ, ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾ ਅਤੇ ਸੰਯੋਜਕ ਨੇ ਇਸ ਕੈਂਪ ਦੀਆਂ ਗਤੀਵਿਧੀਆਂ ਨੂੰ ਉਲੀਕਿਆ।
ਕਰਨਲ ਜਸਜੀਤ ਸਿੰਘ ਗਿੱਲ, ਵਾਤਾਵਰਣ ਪ੍ਰੇਮੀ ਅਤੇ ਬੁੱਢਾ ਦਰਿਆ ਪੁਨਰ ਸੁਰਜੀਤ ਪ੍ਰਾਜੈਕਟ ਦੇ ਮੈਂਬਰ ਬਤੌਰ ਮਾਹਿਰ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ‘ਵਿਕਸਿਤ ਭਾਰਤ ਲਈ ਵਾਤਾਵਰਣ ਮੁੱਦੇ ਅਤੇ ਹੱਲ’ ਵਿਸ਼ੇ ’ਤੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਸੰਬੰਧਿਤ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਅਤੇ ਇਕ ਹਰਿਆ ਭਰਿਆ ਵਾਤਾਵਰਣ ਅਤੇ ਵਾਯੂਮੰਡਲ ਬਨਾਉਣ ਕੀ ਕੁਝ ਲੋੜੀਂਦਾ ਹੈ। ਕੈਂਪ ਦੌਰਾਨ ਵਿਦਿਆਰਥੀਆਂ ਨੇ ਲੜਕੀਆਂ ਦੇ ਹਾਸਟਲ ਦੀਆਂ ਦੀਵਾਰਾਂ ਦੀ ਰੰਗਾਈ ਕੀਤੀ ਅਤੇ ਸਫਾਈ ਮੁਹਿੰਮ ਚਲਾਈ।
ਡਾ. ਵਿਸ਼ਾਲ ਸ਼ਰਮਾ, ਸੰਯੋਜਕ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਗੁਰਦਵਾਰਾ ਸਾਹਿਬ, ਪੀ ਏ ਯੂ ਦੀ ਰਸੋਈ ਵਿੱਚ ਸੇਵਾ ਕਰਕੇ ਲੰਗਰ ਸੇਵਾ ਦਾ ਯੋਗਦਾਨ ਪਾਇਆ। ਡਾ. ਸੱਯਦ ਹਸਨ, ਸੰਯੋਜਕ, ਕਾਲਜ ਆਫ ਫ਼ਿਸ਼ਰੀਜ਼ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਪ੍ਰਯੋਗਿਕ ਡੇਅਰੀ ਪਲਾਂਟ ਦੀ ਕਾਰਜਸ਼ੈਲੀ ਬਾਰੇ ਦੱਸਿਆ ਗਿਆ ਅਤੇ ਵਿਦਿਆਰਥੀਆਂ ਨੇ ਪਲਾਂਟ ਦੀ ਸਫਾਈ ਸੰਬੰਧੀ ਵੀ ਯੋਗਦਾਨ ਪਾਇਆ। ਡਾ. ਨਰੇਂਦਰ ਕੁਮਾਰ ਚਾਂਡਲਾ, ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਤਕਨਾਲੋਜੀ ਨੇ ਜਾਣਕਾਰੀ ਦਿੱਤੀ ਕਿ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਰਾਹੀਂ ਵਾਤਾਵਰਣ ਬਚਾਓ ਮੁੱਦਿਆਂ ਸੰਬੰਧੀ ਲੋਕਾਂ ਨੂੰ ਸੁਚੇਤ ਕੀਤਾ ਗਿਆ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਕੌਮੀ ਸੇਵਾ ਯੋਜਨਾ ਸੰਯੋਜਕਾਂ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਨੇ ਕੈਂਪ ਦੌਰਾਨ ਬਹੁਤ ਸੁਚੱਜੀ ਕਾਰਗੁਜ਼ਾਰੀ ਵਿਖਾਈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਇਸ ਤਰ੍ਹਾਂ ਦੀ ਸਿੱਖਿਆ ਲੈ ਕੇ ਭਵਿੱਖ ਵਿੱਚ ਵੀ ਸਮਾਜ ਲਈ ਚੰਗਾ ਕਾਰਜ ਕਰਦੇ ਰਹਿਣਗੇ।