ਵਿਕਾਸ ਕਾਰਜਾਂ ਲਈ ਸਪੀਕਰ ਸੰਧਵਾਂ ਨੇ ਪਿੰਡ ਚਮੇਲੀ ਨੂੰ ਦਿੱਤਾ ਪੰਜ ਲੱਖ ਰੁਪਏ ਦਾ ਚੈੱਕ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 17 ਮਾਰਚ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡਾਂ/ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਚਮੇਲੀ ਵਿਖੇ ਸਰਪੰਚ ਦਿਲਬਾਗ ਸਿੰਘ ਬਰਾੜ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦਾ ਚੈੱਕ ਸੋਂਪਣ ਮੌਕੇ ਕੀਤਾ।
ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਉਸਾਰੂ ਸੋਚ ਰੱਖਣ ਵਾਲੇ ਸੂਝਵਾਨ ਨੁਮਾਇੰਦੇ ਖੁਦ ਵੀ ਵਿਕਾਸ ਕਾਰਜਾਂ ਉਪਰ ਪੱਲਿਉਂ ਖਰਚ ਕਰਨ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਿੰਡਾਂ ਨੂੰ ਹਰ ਪੱਖੋਂ ਸੋਹਣਾ ਬਣਾਉਣ ਲਈ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਜੇਕਰ ਕੋਈ ਠੇਕੇਦਾਰ ਮਿਆਰੀ ਸਮਾਨ ਨਹੀਂ ਵਰਤਦਾ ਤਾਂ ਉਸ ਖਿਲਾਫ ਬਕਾਇਦਾ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਬਰਾੜ ਤੋਂ ਇਲਾਵਾ ਜ਼ਿਲ੍ਹਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ ਅਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਸਕੱਤਰ ਸੁਖਚੈਨ ਸਿੰਘ ਅਤੇ ਕੇਵਲ ਸਿੰਘ ਸਮੇਤ ਸਮੂਹ ਮੈਂਬਰਾਂ ’ਚ ਸ਼ਾਮਲ ਹਰਭਜਨ ਸਿੰਘ, ਸੁਖਜਿੰਦਰ ਸਿੰਘ, ਜਗਸੀਰ ਸਿੰਘ, ਛਿੰਦਰਪਾਲ ਸਿੰਘ, ਕੁਲਦੀਪ ਕੌਰ, ਵੀਰਪਾਲ ਕੌਰ, ਸੀਰਾ ਕੌਰ, ਆਦਿ ਵੀ ਹਾਜਰ ਸਨ।