ਵਕਫ ਬੋਰਡ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਨੂੰ ਬਣਾਇਆ ਜਾਵੇਗਾ ਸਮੇਂ ਦਾ ਹਾਣੀ : ਉਵੈਸ
- ਕਿਹਾ ਮਿਲੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਸਰਕਾਰ ਅਤੇ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉੱਤਰਗਾ
ਮਾਲੇਰਕੋਟਲਾ, 17 ਮਾਰਚ 2025 - ਸੂਬੇ ਅੰਦਰ ਪੰਜਾਬ ਵਕਫ ਬੋਰਡ ਦੀ ਅਗਵਾਈ ਹੇਠ ਚੱਲਦੇ ਸਕੂਲਾਂ-ਕਾਲਜਾਂ ‘ਚ ਸਿੱਖਿਆ ਦੇ ਮਿਆਰ ਨੂੰ ਜਿਥੇ ਸਮੇਂ ਦੇ ਹਾਣ ਦਾ ਬਣਾਇਆ ਜਾਵੇਗਾ ਉਥੇ ਇੱਕ ਮਹੀਨੇ ਬਾਅਦ ਹਲੀਮਾਂ ਹਸਪਤਾਲ ਦੇ ਪ੍ਰਬੰਧਾਂ ਅਤੇ ਸਿਹਤ ਸਹੂਲਤਾਂ ਦੇ ਮਾਮਲੇ ‘ਚ ਇਕ ਨਵੀਂ ਤਸਵੀਰ ਦੇਖਣ ਨੂੰ ਮਿਲੇਗੀ।ਇਹ ਦਾਅਵਾ ਪੰਜਾਬ ਵਕਫ ਬੋਰਡ ਦੇ ਨਵ-ਨਿਯੁੱਕਤ ਚੇਅਰਮੈਨ ਮੁਹੰਮਦ ਉਵੈਸ ਨੇ ਸਟਾਰ ਇੰਪੈਕਟ ਵਿਖੇ ਪ੍ਰੈਸ ਮਿਲਣੀ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਵਕਫ ਬੋਰਡ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮੂਹ ਬੋਰਡ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਇਸ ਨਵੀਂ ਮਿਲੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਸਰਕਾਰ ਅਤੇ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉੱਤਰਣਗੇ।ਉਨ੍ਹਾਂ ਵੱਲੋਂ ਜਿੰਨੀ ਮਿਹਨਤ ਆਪਣੀ ਫੈਕਟਰੀ ਲਈ ਕੀਤੀ ਜਾਂਦੀ ਹੈ ਉਸ ਤੋਂ ਦੁੱਗਣੀ ਮਿਹਨਤ ਬੋਰਡ ਦੀ ਤਰੱਕੀ ਅਤੇ ਭਲਾਈ ਲਈ ਕਰਨ ਦਾ ਵਾਅਦਾ ਕਰਦਿਆਂ ਚੇਅਰਮੈਨ ਉਵੈਸ ਨੇ ਕਿਹਾ ਕਿ ਉਹ ਦੋ ਦਿਨ ਆਪਣੀ ਫੈਕਟਰੀ ਲਈ ਅਤੇ ਇੱਕ ਦਿਨ ਬੋਰਡ ਦੇ ਕੰਮਾਂ ਲਈ ਦੇਣਗੇ। ਬੋਰਡ ਅੰਦਰ ਚਰਚਾ ‘ਚ ਰਹਿੰਦੇ ਕੁਰੱਪਸ਼ਨ ਦੇ ਮੁੱਦੇ ਬਾਰੇ ਚੇਅਰਮੈਨ ਉਵੈਸ ਨੇ ਕਿਹਾ ਕਿ ਇਸ ਸਬੰਧੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਦੇ ਹੋਏ ਕੁਰੱਪਸ਼ਨ ਨੂੰ ਹਰ ਹੀਲੇ ਠੱਲ ਪਾਈ ਜਾਵੇਗੀ।
ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਨਵੇਂ ਸਕੂਲਾਂ ਦੀ ਉਸਾਰੀ ਤੋਂ ਪਹਿਲਾਂ ਬੋਰਡ ਅਧੀਨ ਚੱਲੇ ਆਉਂਦੇ ਪੁਰਾਣੇ ਵਿੱਦਿਅਕ ਅਦਾਰਿਆਂ ਦੀ ਹਾਲਤ ਸੁਧਾਰੀ ਜਾਵੇਗੀ।ਸਥਾਨਕ ਇਸਲਾਮੀਆਂ ਸਕੂਲ ਦਾ ਕਿਸੇ ਸਮੇਂ ਇਲਾਕੇ ‘ਚ ਵੱਡਾ ਨਾਮ ਹੁੰਦਾ ਸੀ, ਜੋ ਅੱਜ ਨਹੀਂ ਹੈ।ਇਸ ਪਿੱਛੇ ਕੀ ਕਾਰਨ ਹਨ, ਇਸ ਬਾਰੇ ਵੀ ਵਿਚਾਰ ਕਰਨ ਉਪਰੰਤ ਲੋੜੀਂਦੇ ਪ੍ਰਬੰਧ ਕਰਕੇ ਇਸਲਾਮੀਆਂ ਸਕੂਲ ਦਾ ਨਾਮ ਇਕ ਵਾਰ ਫਿਰ ਬੁਲੰਦੀਆਂ ‘ਤੇ ਪਹੁੰਚਾਇਆ ਜਾਵੇਗਾ। ਗਰੀਬੀ ਕਾਰਨ ਉਚ ਵਿੱਦਿਆ ਹਾਸਲ ਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਬਾਰੇ ਪੁੱਛਣ ‘ਤੇ ਚੇਅਰਮੈਨ ਉਵੈਸ ਨੇ ਕਿਹਾ ਕਿ ਬੱਚਿਆਂ ਨੂੰ ਡਾਕਟਰ ਜਾਂ ਇੰਜੀਨੀਅਰ ਬਨਾਉਣਾ ਹੀ ਜ਼ਰੂਰੀ ਨਹੀਂ ਸਗੋਂ ਮੇਰੀ ਨਿੱਜੀ ਕੋਸ਼ਿਸ਼ ਹੋਵੇਗੀ ਕਿ ਪਹਿਲਾਂ ਬੱਚਿਆਂ ਦੀ ਸਖਸ਼ੀਅਤ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਇੱਕ ਚੰਗਾ ਇਨਸਾਨ ਬਣਾਇਆ ਜਾਵੇ।
ਚੇਅਰਮੈਨ ਉਵੈਸ ਨੇ ਕਿਹਾ ਕਿ ਜਿਹੜੇ ਬੱਚੇ ਵਧੀਆ ਪੜ੍ਹ-ਲਿਖ ਕੇ ਵੱਡੇ ਅਹੁੱਦਿਆਂ ‘ਤੇ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਅਸੀਂ ਪਿੰਡਾਂ ‘ਚ ਕਮੇਟੀਆਂ ਦਾ ਗਠਨ ਕਰਕੇ ਅਜਿਹੇ ਲੋੜਵੰਦ ਬੱਚਿਆਂ ਦੀ ਚੋਣ ਕਰਨ ਉਪਰੰਤ ਉਨ੍ਹਾਂ ਨੂੰ ਉਚ ਕੋਟੀ ਦੀ ਸਿੱਖਿਆ ਦਿਵਾਈ ਜਾਵੇਗੀ ਜਿਸ ਲਈ ਭਾਵੇਂ ਬੋਰਡ ਇੰਨੇ ਜ਼ਿਆਦਾ ਵਿੱਦਿਅਕ ਅਦਾਰੇ ਤਾਂ ਨਹੀਂ ਖੋਲ੍ਹ ਸਕਦਾ ਪਰੰਤੂ ਬੱਚਿਆਂ ਨੂੰ ਅਜਿਹੇ ਵੱਡੇ ਸੈਂਟਰਾਂ ਅਤੇ ਇੰਸਟੀਚਿਊਟ ‘ਚ ਪੜ੍ਹਣ ਲਈ ਭੇਜਿਆ ਜਾਵੇਗਾ, ਜਿਹੜੇ ਅਦਾਰੇ ਪਹਿਲਾਂ ਹੀ ਯੂ.ਪੀ.ਐਸ.ਈ. ਵਰਗੀਆਂ ਉਚ ਦਰਜੇ ਦੀਆਂ ਪੜ੍ਹਾਈਆਂ, ਕੋਚਿੰਗਾਂ ਦਿੰਦੇ ਹਨ।ਇਨ੍ਹਾਂ ਬੱਚਿਆਂ ਦੀ ਫੀਸ ਦਾ ਪੂਰਾ ਪ੍ਰਬੰਧ ਪੰਜਾਬ ਵਕਫ ਬੋਰਡ ਵੱਲੋਂ ਕੀਤਾ ਜਾਵੇਗਾ। ਪੈਸਾ ਕਮਾਉਣ ਦੀ ਲਾਲਸਾ ਨਾਲ ਵਕਫ ਬੋਰਡ ‘ਚ ਆਉਂਦੇ ਮੈਂਬਰਾਂ ਜਾਂ ਚੇਅਰਮੈਨ ਬਾਰੇ ਪੁੱਛਣ ‘ਤੇ ਉਨ੍ਹਾਂ ਸਿਰਫ ਇਹੀ ਕਿਹਾ ਕਿ ਜਿਸ ਵਿਅਕਤੀ ਦਾ ਨਫਸ ਨਹੀਂ ਰੱਜਿਆ ਹੁੰਦਾ ਉਹ ਹਮੇਸ਼ਾ ਸਮੇਂ ਤੋਂ ਕਈ ਸਾਲ ਪਿੱਛੇ ਹੀ ਰਹਿੰਦਾ ਹੈ।ਚੇਅਰਮੈਨ ਮੁਹੰਮਦ ਉਵੈਸ ਨੇ ਕਿਹਾ ਕਿ ਮੈਂ ਅੱਲ੍ਹਾ-ਤਾਲਾ ਦੀ ਕ੍ਰਿਪਾ ਨਾਲ ਹਰ ਪੱਖੋਂ ਸੰਤੁਸ਼ਟ ਹਾਂ ਕਿਉਂਕਿ ਅੱਲ੍ਹਾ ਨੇ ਮੈਨੂੰ ਸਭ ਕੁਝ ਪਹਿਲਾਂ ਹੀ ਦਿੱਤਾ ਹੋਇਆ ਹੈ। ਇਸ ਮੌਕੇ ਬੋਰਡ ਦੇ ਮੈਂਬਰ ਐਡਵੋਕੇਟ ਸ਼ਮਸਾਦ ਅਲੀ ਸਾਬਕਾ ਚੇਅਰਮੈਨ , ਬਹਾਦਰ ਖਾਨ ਨੰਨਹੇੜਾ, ਸਟਾਰ ਇੰਪੈਕਟ ਦੇ ਮੈਨੇਜ਼ਰ ਮੁਹੰਮਦ ਯੂਨਸ ਬਖਸ਼ੀ, ਜਮੀਲ ਚੋਹਾਨ, ਮੁਹੰਮਦ ਸ਼ਮਸ਼ਾਦ ਝੋਕ, ਗੁਰਚਰਨ ਸਿੰਘ ਅਲੀਪੁਰ, ਮੁਹੰਮਦ ਅਸ਼ਰਫ ਅੱਛੂ, ਹਿਆਤ ਮਲਿਕ, ਲਾਲਦੀਨ ਲਾਲੂ ਤੱਖਰ, ਵਸੀਮ ਸ਼ੇਖ ਵੀ ਹਾਜ਼ਰ ਸਨ।