ਲੋਕਾਂ ਨੂੰ ਜਾਗਰੂਕ ਕਰਨ ਲਈ ਰੂਪਨਗਰ ਪੁਲਿਸ ਨੇ ਵਾਕਾਥਨ ਕਰਵਾਈ
- ਪੰਜਾਬ ਨਸ਼ਿਆਂ ਖ਼ਿਲਾਫ਼ ਵਾਕਾਥਨ ‘ਚ 10 ਸਕੂਲਾਂ ਨੇ ਹਿੱਸਾ ਲਿਆ
- ਐਸ ਐਸ ਪੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਸ਼ਿਕਾਇਤ ਦੇਣ ਲਈ ਸੇਫ ਪੰਜਾਬ ਹੈਲਪ ਲਾਈਨ 97791-00200 ਵਟਸਐਪ ਬਾਰੇ ਦੱਸਿਆ
- ਵਿਦਿਆਰਥੀਆਂ ਨੇ ਨਸ਼ੇ ਨਾ ਕਰਨ ਦਾ ਪ੍ਰਣ ਲਿਆ ਤੇ ਸੱਭਿਆਚਾਰਿਕ ਪੇਸ਼ਕਾਰੀਆਂ ਦਿੱਤੀਆਂ
ਰੂਪਨਗਰ, 15 ਜਨਵਰੀ 2025: ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਰੂਪਨਗਰ ਪੁਲਿਸ ਵੱਲੋਂ ਹਰ ਪੱਧਰ ਉੱਤੇ ਠੋਸ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਨੂੰ ਹੋਰ ਹੁੰਗਾਰਾ ਦੇਣ ਦੇ ਮੰਤਵ ਨਾਲ ਕਰਵਾਈ ਗਈ ਵਾਕਾਥਨ ਨੂੰ ਐਸ.ਐਸ.ਪੀ ਆਈ ਪੀ ਐੱਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਤੇ ਏ ਡੀ ਸੀ (ਵਿਕਾਸ) ਆਈ ਏ ਐੱਸ ਚੰਦਰਜਯੋਤੀ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਹੁਕਮਾਂ ਤਹਿਤ ਜੋ ਨਸ਼ਿਆਂ ਖ਼ਿਲਾਫ਼ ਪੂਰੇ ਪੰਜਾਬ ਅੰਦਰ ਮੁਹਿੰਮ ਚਲਾਈ ਜਾ ਰਹੀ ਹੈ, ਉਸ ਦਾ ਇਕ ਪੱਖ ਇਹ ਵੀ ਹੈ ਕਿ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਸਦਾ ਲੋਕਾਂ ਤੇ ਨੌਜਵਾਨਾਂ ਸਮੇਤ ਵਿਦਿਆਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਐੱਸ ਐੱਸ ਪੀ ਨੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਤੇ ਸਪਲਾਈ ਉਤੇ ਕਾਬੂ ਕਰਨ ਅਤੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮੈਦਾਨ ਚ ਉਤਰਨਾ ਚਾਹੀਦਾ ਅਤੇ ਇਕੱਠੇ ਹੋ ਕੇ ਇਸ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ। ਜਿਸ ਤਹਿਤ ਗੁਮਰਾਹ ਹੋਏ ਨਸ਼ਾ ਪੀੜਤਾਂ ਨੂੰ ਇਲਾਜ ਕਰਵਾਉਣ ਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਵੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਜੋ ਨਸ਼ਾ ਹੈ ਇਹ ਬਹੁਤ ਹੀ ਭਿਆਨਕ ਨਸ਼ਾ ਹੈ। ਇੱਕ ਵਾਰੀ ਜੋ ਨੌਜਵਾਨ ਇਸ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਨੂੰ ਫ਼ਿਰ ਛੱਡਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਅਤੇ ਨੌਜਵਾਨਾਂ ਨੂੰ ਸੇਧ ਦੇ ਕੇ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੀਏ।
ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇਣ ਲਈ ਸੇਫ ਪੰਜਾਬ ਹੈਲਪ ਲਾਈਨ 97791-00200 ਵਟਸਐਪ ਉਤੇ ਸੰਪਰਕ ਕਰਨ ਬਾਰੇ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਕਿ ਇਸ ਨੰਬਰ ਉਤੇ ਸ਼ਿਕਾਇਤ ਕਰਨ ਵਾਲੇ ਦਾ ਨੰਬਰ, ਪਤਾ ਅਤੇ ਨਾਮ ਨੂੰ ਗੁਪਤ ਰੱਖਿਆ ਜਾਂਦਾ ਹੈ।
ਇਸ ਦੌੜ ਵਿਚ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ, ਜੀਐਨਐਮ ਸਕੂਲ ਰੂਪਨਗਰ, ਸਿਵਾਲਿਕ ਪਬਲਿਕ ਸਕੂਲ ਰੂਪਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੂਪਨਗਰ, ਸਰਕਾਰੀ ਸੀਨੀਅਰ ਸਮਾਰਟ ਸਕੂਲ ਘਨੌਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲ ਖੁਰਦ ਦੇ ਵਿਦਿਆਰਥੀਆਂ ਤੋਂ ਇਲਾਵਾ ਸਾਂਝ ਕੇਂਦਰ ਰੂਪਨਗਰ ਦੀ ਟੀਮ, ਰੋਟਰੀ ਕਲੱਬ ਰੂਪਨਗਰ ਅਤੇ ਪੁਲਿਸ ਕਰਮੀਆਂ ਨੇ ਇਸ ਦੌੜ ਵਿਚ ਹਿਸਾ ਲਿਆ ਅਤੇ ਵਿਦਿਆਰਥੀਆਂ ਸਮੇਤ ਸਾਰੀਆਂ ਸੰਸਥਾਵਾਂ ਨੇ ਨਸ਼ੇ ਨਾ ਕਰਨ ਦਾ ਪ੍ਰਣ ਲਿਆ।
ਇਹ ਵਾਕਾਥਨ ਮਹਾਰਾਜ ਰਣਜੀਤ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਹੁੰਦੀ ਹੋਈ ਵਾਪਿਸ ਮਹਾਰਾਜ ਰਣਜੀਤ ਸਿੰਘ ਪਾਰਕ ਵਿਖੇ ਆ ਕੇ ਸਮਾਪਤ ਹੋਈ। ਜਿਸ ਉਪਰੰਤ
ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਪਾਰਕ ਵਿਖੇ ਸੱਭਿਆਚਾਰਿਕ ਪੇਸ਼ਕਾਰੀਆਂ ਦਿੱਤੀਆਂ ਅਤੇ ਨਸ਼ੇ ਨਾ ਕਰਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਯੋਤੀ ਸਿੰਘ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ, ਐਸ.ਪੀ. ਹੈੱਡਕੁਆਰਟਰ ਸ. ਰਾਜਪਾਲ ਸਿੰਘ ਹੁੰਦਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ, ਡੀ.ਐਸ.ਪੀ. ਰੂਪਨਗਰ ਸ. ਰਾਜਪਾਲ ਸਿੰਘ ਗਿੱਲ, ਡੀ.ਐਸ.ਪੀ. ਸ੍ਰੀ ਚਮਕੌਰ ਸਾਹਿਬ ਸ. ਮਨਜੀਤ ਸਿੰਘ, ਡੀ.ਐਸ.ਪੀ. ਨੰਗਲ ਸ. ਕੁਲਬੀਰ ਸਿੰਘ ਨੰਗਲ, ਡੀ.ਐਸ.ਪੀ. ਸ੍ਰੀ ਮੋਹਿਤ ਕੁਮਾਰ ਸਿੰਗਲਾ, ਡੀਐਸਪੀ ਹੈੱਡਕੁਆਰਟਰ (ਐਨ.ਡੀ.ਪੀ.ਐਸ) ਸ. ਗੁਰਮੀਤ ਸਿੰਘ, ਡੀਐਸਪੀ ਸ਼੍ਰੀ ਪੰਕਜ ਕੁਮਾਰ, ਐਸ.ਐਚ.ਓ. ਸ਼੍ਰੀ ਪਵਨ ਕੁਮਾਰ, ਰਿਟਾ. ਏਪੀਆਰਓ ਸ਼੍ਰੀ ਰਜਿੰਦਰ ਸੈਣੀ, ਰੋਟਰੀ ਕਲੱਬ ਤੋਂ ਡਾ: ਭੀਮ ਸੇਨ, ਡਾ. ਆਰਤੀ, ਸ਼੍ਰੀਮਤੀ ਅਰੀਨਾ ਸ਼ਰਮਾ, ਨਹਿਰੂ ਯੁਵਾ ਕੇਂਦਰ ਤੋਂ ਕੋਆਰਡੀਨੇਟਰ ਸ਼੍ਰੀ ਪੰਕਜ ਯਾਦਵ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।