ਲਾਲੜੂ -ਹੰਡੇਸਰਾ ਸਮੇਤ ਹੋਰਨਾਂ ਸੜਕਾਂ 'ਤੇ ਪੱਟੀ ਲਗਾਉਣ ਦੀ ਮੰਗ
ਰੋਜ਼ਾਨਾ ਹੋ ਰਹੇ ਹਾਦਸਿਆਂ ਤੋਂ ਹੋਵੇਗਾ ਬਚਾਅ
ਮਲਕੀਤ ਸਿੰਘ ਮਲਕਪੁਰ
ਲਾਲੜੂ, 7 ਜਨਵਰੀ 2025: ਵੱਧ ਰਹੀ ਧੁੰਦ ਦੇ ਚੱਲਦਿਆਂ ਲਾਲੜੂ ਖੇਤਰ ਦੇ ਰਾਹਗੀਰਾਂ ਨੇ ਸਾਰੀਆਂ ਸੰਪਰਕ ਸੜਕਾਂ ਉੱਤੇ ਨਿਸ਼ਾਨਦੇਹੀ ਵਾਲੀ ਪੱਟੀ ਲਗਾਉਣ ਦੀ ਮੰਗ ਕੀਤੀ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਪੈ ਰਹੀ ਧੁੰਦ ਕਾਰਨ ਉਨ੍ਹਾਂ ਨੂੰ ਆਉਣ ਜਾਣ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਲੜੂ ਵਾਸੀ ਸਾਬਕਾ ਸਰਪੰਚ ਕਾਮਰੇਡ ਲਾਭ ਸਿੰਘ , ਕਾਮਰੇਡ ਕੌਲ ਸਿੰਘ ,ਕਾਮਰੇਡ ਨੰਦ ਕਿਸ਼ੋਰ, ਕਾਮਰੇਡ ਬਲਜੀਤ ਸਿੰਘ ਤੇ ਸਾਬਕਾ ਕੌਂਸਲਰ ਰਘੂਬੀਰ ਜੁਨੇਜਾ ਆਦਿ ਦਾ ਕਹਿਣਾ ਹੈ ਕਿ ਲਾਲੜੂ ਖੇਤਰ ਦੀਆਂ ਕਈਂ ਸੰਪਰਕ ਸੜਕਾਂ ਦੀ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ, ਪਰ ਜਿਹੜੀਆਂ ਲਾਲੜੂ- ਹੰਡੇਸਰਾ ਵਰਗੀਆਂ ਸੜਕਾਂ ਸਹੀ ਹਨ, ਉਨ੍ਹਾਂ ਉੱਤੇ ਪੈ ਰਹੀ ਧੁੰਦ ਕਾਰਨ ਰਾਹਗੀਰਾਂ ਨੂੰ ਵਾਹਨ ਚਲਾਉਣ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਰਾਤ ਅਤੇ ਸਵੇਰ ਵੇਲੇ ਧੁੰਦ ਵੱਧ ਹੁੰਦੀ ਹੈ ਅਤੇ ਰਾਹਗੀਰਾਂ ਨੂੰ ਕੰਮਾਂ ਕਾਰਾਂ 'ਤੇ ਵੀ ਉਸੇ ਸਮੇਂ ਆਉਣਾ- ਜਾਣਾ ਹੁੰਦਾ ਹੈ, ਪਰ ਪੈ ਰਹੀ ਧੁੰਦ ਕਾਰਨ ਉਨ੍ਹਾਂ ਨੂੰ ਸੜਕ ਪੂਰੀ ਤਰ੍ਹਾਂ ਦਿਖਾਈ ਹੀ ਨਹੀਂ ਦਿੰਦੀ, ਜਿਸ ਕਾਰਨ ਰੋਜ਼ਾਨਾ ਇਨ੍ਹਾਂ ਸੜਕਾਂ ਉੱਤੇ ਹਾਦਸੇ ਵਾਪਰ ਰਹੇ ਹਨ ਅਤੇ ਕਈਂ ਰਾਹਗੀਰ ਵੱਡੇ ਵਾਹਨਾਂ ਦਾ ਸ਼ਿਕਾਰ ਹੋ ਕੇ ਆਪਣੀ ਜਿੰਦਗੀ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਉੱਤੇ ਨਿਸ਼ਾਨਦੇਹੀ ਵਾਲੀ ਪੱਟੀ ਲਗਾ ਦਿੱਤੀ ਜਾਵੇ ਤਾਂ ਆਉਣ –ਜਾਣ ਵਾਲੇ ਵਾਹਨ ਚਾਲਕਾਂ ਨੂੰ ਸੜਕ ਦੀ ਪੂਰੀ ਤਰ੍ਹਾਂ ਜਜਮੈਂਟ ਹੋਵੇਗੀ ਅਤੇ ਉਹ ਸਾਵਧਾਨ ਹੋ ਕੇ ਵਾਹਨ ਚਲਾਉਣਗੇ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਇਨ੍ਹਾਂ ਸੰਪਰਕ ਸੜਕਾਂ ਉੱਤੇ ਪੱਟੀ ਲਗਾਵੇ ਤਾਂ ਜੋ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਅਤੇ ਹੋ ਰਹੀਆਂ ਦੁਰਘਟਨਾਵਾਂ ਉਤੇ ਵੀ ਰੋਕ ਲੱਗ ਸਕੇ। ਇਸ ਸਬੰਧੀ ਸੰਪਰਕ ਕਰਨ ਉਤੇ ਪੀਡਬਲਿਊਡੀ ਵਿਭਾਗ ਦੇ ਜੇਈ ਗੁਲਾਬ ਸਿੰਘ ਨੇ ਕਿਹਾ ਕਿ ਨਿਸ਼ਾਨਦੇਹੀ ਲਈ ਸਿਰਫ 18 ਫੁੱਟੀ ਸੜਕਾਂ ਉਤੇ ਹੀ ਚਿੱਟੀ ਪੱਟੀ ਲਗਾਈ ਜਾਂਦੀ ਹੈ ਤੇ ਇਸ ਤੋਂ ਛੋਟੀਆਂ ਸੜਕਾਂ ਉਤੇ ਪੱਟੀ ਨਹੀਂ ਲਗਾਈ ਜਾ ਸਕਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਲਾਲੜੂ -ਹੰਡੇਸਰਾ ਵਾਲੀ ਸੜਕ ਭਾਵੇਂ 18 ਫੁੱਟੀ ਹੈ ਤੇ ਇਸ ਸੜਕ ਦੇ ਬਨਣ ਸਮੇਂ ਇਸ ਉਤੇ ਪੱਟੀ ਪਾਈ ਗਈ ਸੀ ,ਜੋ ਹੁਣ ਦਿੱਸਣੀ ਬੰਦ ਹੋ ਗਈ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਮਾਰਚ ਵਿੱਚ ਇਸ ਸੜਕ ਦੀ ਕਾਰਪੇਟਿੰਗ (ਰਿਪੇਅਰ) ਹੋਣੀ ਹੈ ਤੇ ਇਸ ਸਬੰਧੀ ਟੈਂਡਰ ਵਿਚ ਪੱਟੀ ਪੁਆਉਣ ਲਈ ਕਾਰਵਾਈ ਜੋੜ ਦਿੱਤੀ ਜਾਵੇਗੀ।