ਬਠਿੰਡਾ ਜ਼ਿਲ੍ਹੇ 'ਚ 66.67 ਫ਼ੀਸਦੀ ਸ਼ਾਂਤਮਈ ਪੋਲਿੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ
ਅਸ਼ੋਕ ਵਰਮਾ
ਬਠਿੰਡਾ, 21 ਦਸੰਬਰ 2024: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਜਨਰਲ ਤੇ ਉਪ ਚੋਣਾਂ ਦੌਰਾਨ ਅੱਜ ਜ਼ਿਲ੍ਹੇ ਭਰ ਵਿੱਚ ਕੁੱਲ 66.67 ਫੀਸਦੀ ਵੋਟਿੰਗ ਹੋਈ ਹੈ। ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ 48 ਨੰਬਰ ਵਾਰਡ ਤੇ ਨਗਰ ਕੌਂਸਲ ਗੋਨਿਆਣਾ ਦੇ 9 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਜੇਤੂ ਰਹੇ। ਇਸੇ ਤਰ੍ਹਾਂ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 4 ਵੱਖ-ਵੱਖ ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦਾ 1 ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਨਗਰ ਕੌਂਸਲ ਰਾਮਪੁਰਾ ਫੂਲ ਤੋਂ 21 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 9 ਸੀਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ 1 ਸੀਟ ਅਤੇ ਆਜ਼ਾਦ ਉਮੀਦਵਾਰਾਂ ਨੇ 11 ਸੀਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਨਗਰ ਕੌਂਸਲ ਤਲਵੰਡੀ ਸਾਬੋ ਦੇ 15 ਵੱਖ-ਵੱਖ ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 9 ਸੀਟਾਂ, ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨੇ 1 ਸੀਟ, ਆਜ਼ਾਦ ਉਮੀਦਵਾਰਾਂ ਨੇ 3 ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 2 ਸੀਟਾਂ ਹਾਸਲ ਕੀਤੀਆਂ।
ਇਸੇ ਤਰ੍ਹਾਂ ਨਗਰ ਪੰਚਾਇਤ ਭਾਈਰੂਪਾ ਦੇ 6 ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅਤੇ ਨਗਰ ਕੌਂਸਲ ਮੌੜ ਤੋਂ ਅਜ਼ਾਦ ਉਮੀਦਵਾਰ ਜੇਤੂ ਰਹੇ।ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਵਿੱਚ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਜਿੱਥੇ ਪੁਲਿਸ ਤੋਂ ਇਲਾਵਾ ਚੋਣ ਅਮਲੇ ਦੀ ਸ਼ਲਾਘਾਂ ਕੀਤੀ ਉੱਥੇ ਹੀ ਉਹਨਾਂ ਜ਼ਿਲ੍ਹਾ ਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।