← ਪਿਛੇ ਪਰਤੋ
ਪੱਤਰਕਾਰ ਮਨਿੰਦਰਜੀਤ ਸਿੱਧੂ ਖਿਲਾਫ ਮੁਕੱਦਮਾ ਖਾਰਜ ਕਰਨ ਉਪਰੰਤ ਬਠਿੰਡਾ ਧਰਨਾ ਰੱਦ
ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2025: ਬੀਤੇ ਦਿਨੀਂ ਰਾਮਪੁਰਾ ਫੂਲ ਦੇ ਵਿਧਾਇਕ ਦੇ ਨਿੱਜੀ ਸਕੱਤਰ ਵੱਲੋਂ ਲੋਕ ਅਵਾਜ਼ ਟੀਵੀ ਚੈਨਲ ਦੇ ਸੰਚਾਲਕ ਮਨਿੰਦਰਜੀਤ ਸਿੰਘ ਸਿੱਧੂ ਅਤੇ ਇੱਕ ਹੋਰ ਵਿਅਕਤੀ ਖਿਲਾਫ ਦਰਜ ਕੀਤਾ ਗਿਆ ਮੁਕੱਦਮਾ ਖਾਰਜ ਕਰਨ ਦੀ ਸਹਿਮਤੀ ਬਣਨ ਤੇ ਜਨਤਕ ਜੱਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ 3 ਮਾਰਚ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੱਖਿਆ ਰੋਸ ਧਰਨਾ ਰੱਦ ਕਰ ਦਿੱਤਾ ਹੈ। ਜਦੋਂ ਤੋਂ ਇਹ ਪੁਲਿਸ ਕੇਸ ਦਰਜ ਹੋਇਆ ਸੀ ਉਦੋਂ ਤੋਂ ਹੀ ਜਨਤਕ ਤੌਰ ਤੇ ਜਬਰਦਸਤ ਵਿਰੋਧ ਹੋ ਰਿਹਾ ਸੀ। ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਅਤੇ ਸੁਖਨੈਬ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧ ਵਿੱਚ ਦੋ ਦਿਨ ਪਹਿਲਾਂ ਐਲਾੂਹ ਧਿਰਾਂ ਦੇ ਦਬਾਅ ਕਾਰਨ ਉਨ੍ਹਾਂ ਦੀ ਅੱਜ ਬਠਿੰਡਾ ਪ੍ਰਸ਼ਾਸ਼ਨ ਨਾਲ ਮੀਟਿੰਗ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਇਹ ਪੁਲਿਸ ਕੇਸ ਰੱਦ ਕਰਨ ਦੀ ਸਹਿਮਤੀ ਬਣ ਗਈ ਹੈ। ਉਨ੍ਹਾਂ ਸਮੂਹ ਜਨਤਕ ਧਿਰਾਂ ਅਤੇ ਪੱਤਰਕਾਰ ਭਾਈਚਾਰੇ ਨੂੰ ਹੁਣ ਤਿੰਨ ਮਾਰਚ ਨੂੰ ਬਠਿੰਡਾ ਨਾਂ ਆਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਤਿੰਨ ਕੁ ਦਿਨ ਪਹਿਲਾਂ ਰਾਮਪੁਰਾ ਦੇ ਰਜੇਸ਼ ਜੇਠੀ ਅਤੇ ਵਿਧਾਇਕ ਬਲਕਾਰ ਸਿੱਧੂ ਵਿਚਕਾਰ ਆਪਸੀ ਗੱਲਬਾਤ ਦੀ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਔਰਤਾਂ ਅਤੇ ਹੋਰ ਕੁੱਝ ਲੋਕਾਂ ਖਿਲਾਫ ਕਥਿਤ ਮੰਦਭਾਗੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸ ਆਡੀਓ ਦੇ ਅਧਾਰ ਤੇ ਲੋਕ ਅਵਾਜ਼ ਟੀਵੀ ਚੈਨਲ ਦੇ ਸੰਚਾਲਕ ਮਨਿੰਦਰਜੀਤ ਸਿੰਘ ਸਿੱਧੂ ਨੇ ਖਬਰ ਚਲਾਈ ਸੀ। ਇਸ ਤੋਂ ਬਾਅਦ ਵਿਧਾਇਕ ਦੇ ਪੀਏ ਰੇਸ਼ਮ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਕੋਠੇ ਮੱਲੂਆਣਾ ਮਹਿਰਾਜ ਦੀ ਸ਼ਕਾਇਤ ਦੇ ਅਧਾਰ ਤੇ ਮਨਿੰਦਰਜੀਤ ਸਿੰਘ ਸਿੱਧੂ ਵਾਸੀ ਜੈਤੋ ਅਤੇ ਰਾਜੇਸ਼ ਜੇਠੀ ਪੁੱਤਰ ਹਰਬੰਸ ਲਾਲ ਵਾਸੀ ਰਾਮਪੁਰਾ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਲੋਕ ਰੋਹ ਦਾ ਝੱਖੜ ਐਨਾ ਤੇਜ ਹੋਇਆ ਕਿ ਟੀਚਰਜ਼ ਹੋਮ ਬਠਿੰਡਾ ਵਿਖੇ ਵੱਡੀ ਮੀਟਿੰਗ ਉਪਰੰਤ ਰੋਸ ਮੁਜਾਹਰਾ ਕਰਕੇ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਮੁਕੱਦਮਾ ਰੱਦ ਨਾਂ ਕੀਤਾ ਤਾਂ 3 ਮਾਰਚ ਨੂੰ ਬਠਿੰਡਾ ’ਚ ਵੱਡਾ ਧਰਨਾ ਦਿੱਤਾ ਜਾਏਗਾ। ਪਿੰਡਾਂ ਸ਼ਹਿਰਾਂ ’ਚ ਧਰਨੇ ਲਈ ਮੁਨਿਆਦੀ ਹੋਈ ਅਤੇ ਵੱਡਾ ਇਕੱਠ ਹੋਣ ਦੇ ਡਰੋਂ ਅੱਜ ਪੁਲਿਸ ਪ੍ਰਸ਼ਾਸ਼ਨ ਨੇ ਮੀਟਿੰਗ ਕਰਕੇ ਪੱਤਰਕਾਰ ਭਾਈਚਾਰੇ ਨਾਲ ਸਹਿਮਤੀ ਬਣਾ ਲਈ ਹੈ। ਵੱਡੀ ਗੱਲ ਹੈ ਕਿ ਧਰਨਾ ਰੱਦ ਹੋਣ ਮਗਰੋਂ ਪੁਲਿਸ ਪ੍ਰਸਾਸ਼ਨ ਨੇ ਰਾਹਤ ਮਹਿਸੂ ਕੀਤੀ ਹੈ। ਇਸ ਮੌਕੇ ਮਨਿੰਦਰਜੀਤ ਸਿੰਘ ਸਿੱਧੂ ਨੇ ਜਨਤਕ ਜੱਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਸਮੇਤ ਸਮੂਹ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਲੋਕਾਂ ਦੇ ਰੋਸ ਸਦਕਾ ਅੰਤ ਨੂੰ ਸਚਾਈ ਦੀ ਜਿੱਤ ਹੋਈ ਹੈ।
Total Responses : 1024