ਪਰਾਲੀ ਨਾਲ ਭਰੀ ਟਰਾਲੀ ਟਰਾਲੇ ਦੀ ਸਾਈਡ ਵੱਜਣ ਕਾਰਨ ਪਲਟੀ ਬਚਾਉਂਦੇ-ਬਚਾਉਂਦੇ ਬੱਜਰੀ ਨਾਲ ਭਰਿਆ ਟਰਾਲਾ ਵੀ ਪਲਟਿਆ
- ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਹੋਇਆ ਭਾਰੀ ਮਾਲੀ ਨੁਕਸਾਨ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 10 ਜਨਵਰੀ 2025 - ਗੁਰਦਾਸਪੁਰ ਵਿੱਚ ਧੁੰਦ ਕਾਰਨ ਹਾਈਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਕੱਲ ਕਿੰਨੂੰਆਂ ਭਰਿਆ ਟਰੱਕ ਬਬਰੀ ਬਾਈਪਾਸ ਤੇ ਪਲਟ ਕੇ ਕਾਰ ਤੇ ਪੈ ਗਿਆ ਸੀ ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਜਾਨਾਂ ਬਾਲ ਬਾਲ ਬਚ ਗਈਆਂ ਸਨ ਅਤੇ ਅੱਜ ਬਬਰੀ ਬਾਈਪਾਸ ਤੋਂ ਥੋੜੀ ਹੀ ਦੂਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੀ ਪਿੰਡ ਔਜਲਾ ਨੇੜੇ ਪੁੱਲ ਦੇ ਥੱਲਿਓਂ ਆ ਰਹੀ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਨਿਕਲ ਗਿਆ।
ਟਰਾਲੀ ਜਦੋਂ ਪਲਟ ਰਹੀ ਸੀ ਤਾਂ ਉਸ ਨੂੰ ਬਚਾਉਂਦੇ ਬਚਾਉਂਦੇ ਪਠਾਨਕੋਟ ਵੱਲੋਂ ਆ ਰਿਹਾ ਬਜਰੀ ਨਾਲ ਭਰਿਆ ਇੱਕ ਹੋਰ ਟਰਾਲਾ ਵੀ ਪਲਟ ਗਿਆ । ਹਾਲਾਂਕਿ ਟਰਾਲੀ ਡਰਾਈਵਰ ਅਤੇ ਟਰਾਲੇ ਵਿੱਚ ਬੈਠੇ ਡਰਾਈਵਰ ਸਮੇਤ ਸਾਰੇ ਲੋਕ ਬਾਲ ਬਾਲ ਬਚ ਗਏ ਹਨ ਪਰ ਕਾਫੀ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵੱਲੋਂ ਪਹੁੰਚ ਕੇ ਪਰਾਲੀ ਦੀਆਂ ਪੰਡਾ ਸੜਕ ਤੋਂ ਹਟਵਾ ਕੇ ਹਾਈਵੇ ਨੂੰ ਖਾਲੀ ਕਰਵਾਇਆ ਅਤੇ ਆਵਾਜਾਈ ਨੂੰ ਮੁੜ ਬਹਾਲ ਕੀਤਾ।
ਜਾਣਕਾਰੀ ਦਿੰਦਿਆਂ ਟਰਾਲੀ ਚਾਲਕ ਸੁਖਬੀਰ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਕਿ ਜਦੋਂ ਪੁੱਲ ਤੋਂ ਹਾਈਵੇ ਤੇ ਚੜਨ ਲਈ ਟਰਾਲੀ ਮੋੜ ਰਿਹਾ ਸੀ ਤਾਂ ਪਠਾਨਕੋਟ ਵੱਲੋਂ ਆ ਰਿਹਾ ਇੱਕ ਟਰਾਲਾ ਉਸ ਨੂੰ ਸਾਈਡ ਮਾਰ ਕੇ ਨਿਕਲ ਗਿਆ ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਪਰਾਲੀ ਦੀਆਂ ਪੰਡਾਂ ਸੜਕ ਤੇ ਬਿਖਰਨ ਲੱਗ ਪਈਆਂ । ਪਿੱਛੋਂ ਪਠਾਨਕੋਟ ਵਲੋਂ ਆ ਰਿਹਾ ਬਜਰੀ ਨਾਲ ਭਰਿਆ ਟਰਾਲਾ ਉਸਦੀ ਟਰਾਲੀ ਨੂੰ ਬਚਾਉਣ ਦੇ ਚੱਕਰ ਵਿੱਚ ਪਲਟ ਗਿਆ। ਉਸਨੇ ਦੱਸਿਆ ਕਿ ਹੁਣ ਉਸ ਨੂੰ ਪਰਾਲੀ ਦੀਆਂ ਪੰਡਾਂ ਦੁਬਾਰਾ ਲੇਬਰ ਲਗਵਾ ਕੇ ਟਰਾਲੀ ਤੇ ਲਦਵਾਣੀਆਂ ਪਈਆਂ, ਜਿਸ ਕਾਰਨ ਉਸ ਦਾ ਡਬਲ ਖਰਚਾ ਹੋ ਗਿਆ ਹੈ।
ਉੱਥੇ ਹੀ ਟਰਾਲਾ ਚਾਲਕ ਮਹਾਵੀਰ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਬਜਰੀ ਲੈ ਕੇ ਬਠਿੰਡਾ ਨੂੰ ਜਾ ਰਿਹਾ ਸੀ ਕਿ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਗਲਤ ਸਾਈਡ ਤੋਂ ਉਸ ਦੇ ਅੱਗੇ ਆ ਗਈ। ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਉਸਦਾ ਟਰਾਲਾ ਪਲਟ ਗਿਆ। ਬਜਰੀ ਤਾਂ ਇਕੱਠੀ ਕਰਕੇ ਮੁੜ ਲੱਧ ਲਈ ਜਾਵੇਗੀ ਪਰ ਟਰਾਲਾ ਪਲਟਣ ਨਾਲ ਟਰਾਲੇ ਦੇ ਕਈ ਮਹਿੰਗੇ ਪਾਰਟਸ ਟੁੱਟ ਗਏ ਹਨ ਤੇ ਲਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਉੱਥੇ ਹੀ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੀਰਜ ਸੈਨੀ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਸੜਕ ਤੋਂ ਟਰਾਲੀ ਅਤੇ ਪਰਾਲੀ ਨਾਲ ਭਰੀਆਂ ਪੰਡਾਂ ਸਾਈਡ ਤੇ ਕਰਵਾਈਆਂ ਤੇ ਆਵਾਜਾਈ ਨੂੰ ਮੁੜ ਤੋਂ ਬਹਾਲ ਕਰਵਾ ਦਿੱਤਾ ਹੈ। ਤਿੱਬੜ ਥਾਣੇ ਨੂੰ ਸੂਚਨਾ ਦੇ ਦਿੱਤੀ ਗਈ ਹੈ ।