ਨੌਜਵਾਨ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਤਰੀਕੇ ਨਾ ਅਪਣਾਉਣ - ਕੁਲਦੀਪ ਸਿੰਘ ਧਾਲੀਵਾਲ
-ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਨਾਲ ਕੀਤੀ ਮਿਲਣੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 03 ਮਾਰਚ,2025
ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਤਰੀਕੇ ਨਾ ਅਪਣਾਉਣ, ਕਿਉਂਕਿ 'ਡੰਕੀ' ਰਸਤਾ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਬਹੁਤ ਖ਼ਤਰਨਾਕ ਹੈ ਅਤੇ ਭੋਲੇ-ਭਾਲੇ ਲੋਕ ਆਸਾਨੀ ਨਾਲ ਧੋਖੇਬਾਜ਼ ਏਜੰਟਾਂ ਦੇ ਜਾਲ ਵਿਚ ਫਸ ਜਾਂਦੇ ਹਨ, ਜਿਸ ਨਾਲ ਕਰੋੜਾਂ ਰੁਪਏ ਦੀ ਬਰਬਾਦੀ ਹੁੰਦੀ ਹੈ। ਪੰਜਾਬ ਕੰਟੇਨਰ ਤੇ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਪੰਜਾਬ ਜਲ ਸਰੋਤ ਪ੍ਰਬੰਧਕੀ ਤੇ ਵਿਕਾਸ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਅਤੇ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਟਰੱਸਟੀ ਹਰਜੋਤ ਕੌਰ ਲੋਹਟੀਆ ਦੀ ਮੌਜੂਦਗੀ ਵਿਚ ਔੜ ਵਿਖੇ ਪ੍ਰਵਾਸੀ ਭਾਰਤੀ ਰਾਜ ਭਨੋਟ ਦੇ ਗ੍ਰਹਿ ਵਿਖੇ ਐਨ. ਆਰ. ਆਈ ਮਿਲਣੀ ਸਮਾਗਮ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਥੇ ਵੱਸਦੇ ਆਪਣੇ ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਤੋਂ ਰੋਕਣ। ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ ਜਾਣਾ ਵੀ ਹੈ ਤਾਂ ਪੜ੍ਹ-ਲਿਖ ਕੇ ਚੰਗੀ ਨੌਕਰੀ 'ਤੇ ਜਾਣਾ ਚਾਹੀਦਾ ਹੈ। ਉਨਾਂ ਮਾਪਿਆਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਜਵਾਨ ਧੀਆਂ-ਪੁੱਤਾਂ ਨੂੰ ਇਸ ਤਰ੍ਹਾਂ ਨਾਲ ਮੌਤ ਦੇ ਮੂੰਹ ਨਾ ਤੋਰਨ।
ਉਨ੍ਹਾਂ ਕਿਹਾ ਕਿ ਡਿਪੋਰਟ ਕੀਤੇ ਗਏ ਲੋਕ ਸਾਡੇ ਆਪਣੇ ਹਨ, ਕੋਈ ਅਪਰਾਧੀ ਨਹੀਂ। ਇਨ੍ਹਾਂ ਲੋਕਾਂ ਨੂੰ ਕੁਝ ਠੱਗ ਕਿਸਮ ਦੇ ਟਰੈਵਲ ਏਜੰਟਾਂ ਵੱਲੋਂ ਠੱਗਿਆ ਗਿਆ ਹੈ। ਇਨ੍ਹਾਂ ਨੇ ਲੱਖਾਂ-ਕਰੋੜਾਂ ਰੁਪਏ ਗਵਾਏ ਹਨ ਅਤੇ ਭਾਰੀ ਤਸ਼ੱਦਦ ਵੀ ਝੱਲੇ ਹਨ, ਜਿਸ ਕਾਰਨ ਇਨ੍ਹਾਂ ਨਾਲ ਸਾਡੀ ਦਿੱਲੀ ਹਮਦਰਦੀ ਹੈ। ਉਨ੍ਹਾਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਨ੍ਹਾਂ ਪ੍ਰਵਾਸੀਆਂ ਬਾਰੇ ਦਿੱਤੇ ਬਿਆਨ ਉੱਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸਾਡੇ ਬੱਚੇ ਹਨ ਅਤੇ ਭਾਰਤੀ ਹਨ, ਜਿਹੜੇ ਕਿ ਪੇਟ ਅਤੇ ਰੋਟੀ ਦੀ ਖਾਤਰ ਫਸ ਗਏ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਜਿਹੇ ਕੇਸਾਂ ਵਿਚ ਹਮਦਰਦੀ ਨਾਲ ਵਿਚਾਰ ਕਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚ ਸ਼ਾਮਿਲ ਟਰੈਵਲ ਏਜੰਟਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਵੱਡੀ ਮੁਹਿੰਮ ਵਿੱਢੀ ਗਈ ਹੈ ਅਤੇ ਮੁੱਖ ਮੰਤਰੀ ਵੱਲੋਂ ਸਾਰੇ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਬਾਬਤ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜੋ ਵੀ ਵਿਅਕਤੀ ਮਨੁੱਖੀ ਤਸਕਰੀ ਵਿਚ ਸ਼ਾਮਿਲ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਾਲਾ ਦੌਰ ਪੰਜਾਬ ਨੂੰ ਆਰਥਿਕ ਸੰਕਟ ਦੇ ਗਿਆ ਅਤੇ ਜੇਕਰ 30-35 ਸਾਲਾਂ ਵਿਚ ਸੂਬੇ ਨੂੰ ਕਿਸੇ ਨੇ ਬਚਾਅ ਕੇ ਰੱਖਿਆ ਹੈ ਤਾਂ ਉਹ ਐਨ.ਆਰ.ਆਈ ਭਰਾ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਵਿਚ ਵੱਸਦਾ ਹੈ ਅਤੇ ਉਹ ਇਸ ਨਾਲ ਹਮੇਸ਼ਾ ਜੁੜੇ ਰਹੇ ਹਨ ਅਤੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਮਜ਼ਬੂਤੀ ਲਈ ਇਸੇ ਤਰ੍ਹਾਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ।
ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਉਹਨਾਂ ਦੇ ਨਾਲ ਹੈ ਅਤੇ ਪ੍ਰਵਾਸੀ ਪੰਜਾਬੀਆਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਉਨ੍ਹਾਂ ਔੜ ਹਸਪਤਾਲ ਦੇ ਪਿਛਲੇ ਪਾਸੇ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਇਨ੍ਹਾਂ ਦਾ ਐਸਟੀਮੇਟ ਬਣਾ ਕੇ ਕੰਮ ਜਲਦ ਸ਼ੁਰੂ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਮੰਚ ਸੰਚਾਲਨ ਵਿਪਨ ਭਨੋਟ ਵੱਲੋਂ ਬਾਖੂਬੀ ਕੀਤਾ ਗਿਆ।
ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਬੀਰ ਕਰਨਾਣਾ, ਕਿਸਾਨ ਆਗੂ ਕੁਲਦੀਪ ਸਿੰਘ ਵਜੀਦਪੁਰ, ਪ੍ਰਸਿੱਧ ਹਾਸਰਸ ਕਲਾਕਾਰ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ), ਜਸਵੰਤ ਕੁਮਾਰ ਸੋਨੂੰ ਨੰਬਰਦਾਰ, ਹਰਬੰਸ ਸਿੰਘ ਨਾਮਧਾਰੀ, ਲਛਮਣ ਸੁਮਨ, ਕਮਲਜੀਤ ਬੱਬੀ ਸਰਪੰਚ, ਸੁਰਿੰਦਰ ਸਿੰਘ ਉੱਪਲ, ਕੁਲਬੀਰ ਸਿੰਘ ਦੁਸਾਂਝ, ਸੁੱਚਾ ਸਿੰਘ ਯੂ.ਐਸ.ਏ ਚਰਨ ਸਿੰਘ ਗਿੱਲ ਯੂ.ਐਸ.ਏ, ਸਤਪਾਲ ਕਾਕਾ, ਬੰਤ ਸਿੰਘ ਪੁਰੇਵਾਲ ਯੂ.ਕੇ ਚਰਨਜੀਤ ਸਹੋਤਾ ਯੂ.ਐਸ.ਏ, ਰਾਮਾਨੰਦ ਭਨੋਟ ਤੇ ਹੋਰ ਹਾਜ਼ਰ ਸਨ।