ਦੇਸ਼ ਵਿੱਚ ਹਿੰਦੂਆਂ ’ਤੇ ਹਮਲਿਆਂ ਦੀਆਂ ਵਧ ਰਹੀਆਂ ਘਟਨਾਵਾਂ ਬਹੁਤ ਹੀ ਨਿੰਦਣਯੋਗ – ਸੁਖਪਾਲ ਸਰਾਂ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2025:ਪੱਛਮੀ ਬੰਗਾਲ ਵਿੱਚ ਹਿੰਦੂਆਂ ਦੀ ਬੇਰਹਿਮੀ ਨਾਲ ਹੱਤਿਆ, ਬਲਾਤਕਾਰ ਅਤੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਧਰਮ ਪੁੱਛ ਕੇ ਨਿਰਦੋਸ਼ ਹਿੰਦੂਆਂ ਦੀ ਹੱਤਿਆ 'ਤੇ ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਗਹਿਰੀ ਨਾਰਾਜ਼ਗੀ ਜਤਾਉਂਦੇ ਹੋਏ ਫਾਇਰ ਬ੍ਰਿਗ੍ਰੇਡ ਚੌਂਕ ਵਿੱਚ ਪੁਤਲਾ ਫੂਕਿਆ। ਉਨ੍ਹਾਂ ਨੇ ਇਸਨੂੰ ਧਾਰਮਿਕ ਕੱਟੜਤਾ ਅਤੇ ਜਿਹਾਦੀ ਸੋਚ ਦਾ ਇੱਕ ਸਾਜ਼ਿਸ਼ ਕਰਾਰ ਦਿੱਤਾ। ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਨੇ ਕਿਹਾ, "ਅੱਜ ਜਦੋਂ ਸਾਡਾ ਦੇਸ਼ ਵਿਕਾਸ ਦੇ ਰਾਹ ’ਤੇ ਦੁਨੀਆ ਦੇ ਪਹਿਲੇ ਦਰਜੇ ’ਤੇ ਪਹੁੰਚਣ ਵਾਲਾ ਹੈ, ਤਾਂ ਕੁਝ ਕੱਟੜਪੰਥੀ ਜਿਹਾਦੀ ਭਾੜੇ ਦੇ ਗੁੰਡੇ ਵਿਦੇਸ਼ੀ ਤਾਕਤਾਂ ਅਤੇ ਦੇਸੀ ਆਗੂਆਂ ਦੇ ਇਸ਼ਾਰੇ ’ਤੇ ਸਾਡੀ ਸਮਾਜਿਕ ਬਣਤਰ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ।" ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਹਿੰਦੂ ਸਮਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਦੂਜੇ ਪਾਸੇ, ਪਹਿਲਗਾਮ ਵਿੱਚ ਧਰਮ ਪੁੱਛ ਕੇ ਕੀਤੀਆਂ ਹੱਤਿਆਵਾਂ ਇਹ ਦੱਸਦੀਆਂ ਹਨ ਕਿ ਅੱਤਵਾਦ ਹੁਣ ਹੋਰ ਵੀ ਜ਼ਿਆਦਾ ਬੇਰਹਿਮ ਹੋ ਗਿਆ ਹੈ। ਜੇਕਰ ਅਸੀਂ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣਾ ਚਾਹੁੰਦੇ ਹਾਂ ਤਾਂ ਜਿਹਾਦੀ ਸੋਚ ਵਾਲੇ ਅੱਤਵਾਦ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਦੇਸ਼ ਨੂੰ ਗ੍ਰਿਹ ਯੁੱਧ ਵਲ ਧੱਕ ਸਕਦੇ ਹਨ। ਓਹਨਾ ਕਿਹਾ ਕਿ ਨਫ਼ਰਤ ਫੈਲਾਉਣ ਵਾਲੀਆਂ ਕਿਤਾਬਾਂ ’ਤੇ ਤੁਰੰਤ ਪਾਬੰਦੀ ਲਗਾਉਣੀ ਪਏਗੀ ਜੋ ਸ਼ਾਂਤਿਵਾਦੀ ਲੋਕਾਂ ਨੂੰ ਕਤਲ ਕਰਨ ਲਈ ਉਕਸਾਉਂਦੀਆਂ ਹਨ, ਜਿਸਨੂੰ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਸਮਾਜਸੇਵੀ ਜੀਵਾ ਰਾਮ ਗੋਯਲ ਅਤੇ ਸੋਨੂ ਮਹੇਸ਼ਵਰੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਕੋਲੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਹਿੰਦੂ ਸਮਾਜ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਹਲਗਾਮ ਦੇ ਆਤੰਕੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਸਬਕ ਸਿਖਾਉਣ ਲਈ ਕੜੇ ਕਦਮ ਚੁੱਕੇ ਜਾਣ।
ਇਸ ਮੌਕੇ ਸੰਦੀਪ ਅਗਰਵਾਲ ਨੇ ਕਿਹਾ ਕਿ ਅਸੀਂ ਇੱਕ ਸ਼ਾਂਤਿਪਸੰਦ ਅਤੇ ਸਹਿਣਸ਼ੀਲ ਸਮਾਜ ਦੇ ਹਕ ਵਿੱਚ ਹਾਂ, ਪਰ ਜੇ ਸਾਨੂੰ ਉਕਸਾਇਆ ਗਿਆ ਤਾਂ ਅਸੀਂ ਚੁੱਪ ਨਹੀਂ ਰਹਾਂਗੇ। ਦੇਸ਼ ਦੀ ਏਕਤਾ, ਅਖੰਡਤਾ ਅਤੇ ਸਨਾਤਨ ਸੰਸਕ੍ਰਿਤੀ ਦੀ ਰੱਖਿਆ ਲਈ ਅਸੀਂ ਹਮੇਸ਼ਾਂ ਅਗਲੀ ਲਾਈਨ ਵਿੱਚ ਰਹਾਂਗੇ। ਇਸ ਮੌਕੇ ‘ਤੇ ਬਾਰ ਐਸੋਸੀਏਸ਼ਨ ਪ੍ਰਧਾਨ ਗੁਰਵਿੰਦਰ ਮਾਨ, ਕਾਂਗਰਸ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਅਕਾਲੀ ਦਲ ਵੱਲੋਂ ਚਮਕੌਰ ਮਾਨ, ਸ਼੍ਰੀ ਗੌਸ਼ਾਲਾ, ਸ਼੍ਰੀ ਰਾਮ ਸੇਵਾ ਸਮਿਤੀ, ਮਾਲ ਰੋਡ ਐਸੋਸੀਏਸ਼ਨ ਵੱਲੋਂ ਮਨਿਤ ਗੁਪਤਾ, ਸ਼੍ਰੀ ਸ਼ਿਆਮ ਪ੍ਰਚਾਰ ਮੰਡਲ, ਹਿੰਦੂ ਮਹਾਗਠਬੰਧਨ ਵੱਲੋਂ ਸੰਦੀਪ ਪਾਠਕ, ਨੌਜਵਾਨ ਵੈਲਫੇਅਰ ਸੋਸਾਇਟੀ ਵੱਲੋਂ ਸੋਨੂ ਮਹੇਸ਼ਵਰੀ, ਅਗਰਵਾਲ ਮਾਰਵਾੜੀ ਪਰਿਵਾਰ, ਅਗਰਵਾਲ ਸਭਾ, ਵਿਸ਼ਵ ਹਿੰਦੂ ਪਰਿਸ਼ਦ, ਗਾਯਤਰੀ ਪ੍ਰਗਿਆ ਮੰਡਲ, ਸਾਲਾਸਰ ਯਾਤਰਾ ਸੰਘ, ਅਖਿਲ ਅਗਰਵਾਲ ਪਰਿਵਾਰ ਸਭਾ, ਸੁਨੀਲ ਸਿੰਗਲਾ, ਨਰਿੰਦਰ ਮਿੱਤਲ, ਬਬਲੀ ਢਿੱਲੋ ਅਤੇ ਸ਼ਹਿਰੀ ਵਾਸੀ ਮੌਜੂਦ ਸਨ।