ਮੁਸਲਿਮ ਜਮਾਤ ਅਹਿਮਦੀਆ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ
ਅਮਨ ਸ਼ਾਂਤੀ ਭਾਈਚਾਰੇ ਨੂੰ ਵਧਾਉਣ ਦੀ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ
ਕਾਦੀਆਂ ਦੀ ਅਹਿਮਦੀਆ ਜਮਾਤ ਦੀ ਪ੍ਰਮੁੱਖ ਸੰਸਥਾ ਮੁਸਲਿਮ ਜਮਾਤ ਅਹਿਮਦੀਆ ਨੇ ਜੰਮੂ ਕਸ਼ਮੀਰ ਪਹਿਲਗਾਮ ਦੇ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਕੜੇ ਸ਼ਬਦਾਂ ਵਿੱਚ ਭਾਰਤ ਨਿੰਦਾ ਕੀਤੀ ਹੈ, ਜਿਸ ਵਿੱਚ ਦਰਜਨਾਂ ਕੀਮਤੀ ਜਾਨਾ ਜਾਇਆ ਹੋਈਆਂ ਅਤੇ ਬਹੁਤ ਸਾਰੇ ਮਾਸੂਮ ਲੋਕ ਜ਼ਖਮੀ ਹੋਏl ਮੁਸਲਿਮ ਜਮਾਤ ਅਹਿਮਦੀਆ ਦੇ ਮੌਲਾਨਾ ਹਮੀਦ ਕੋਸਰ ਨੇ ਕਿਹਾ ਹੈ ਕਿ ਇਹ ਹਮਲਾ ਨਾ ਕੇਵਲ ਇਨਸਾਨੀ ਹੱਕਾਂ ਦੇ ਵਿਰੁੱਧ ਹੈ ਬਲਕਿ ਧਰਮ ,ਇਖਲਾਕੀ ਅਤੇ ਇਨਸਾਨੀਅਤ ਦੇ ਵੀ ਖਿਲਾਫ ਹੈ l ਮੁਸਲਿਮ ਜਮਾਤ ਅਹਮਦੀਆ ਇਸ ਹਮਲੇ ਤੇ ਜਿੱਥੇ ਦੁੱਖ ਅਤੇ ਗਮ ਪ੍ਰਗਟ ਕਰਦੀ ਹੈ ,ਉੱਥੇ ਸ਼ਹੀਦ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇਆਂ ਉਨਾਂ ਦੇ ਸਬਰ ਦੀ ਦੁਆ ਕਰਦੀ ਹੈ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਵੀ ਦੁਆ ਕਰਦੀ ਹੈ।
ਮੁਸਲਿਮ ਜਮਾਤ ਅਹਿਮਦੀਆ ਹਰ ਤਰ੍ਹਾਂ ਦੇ ਅੱਤਵਾਦ ਦੇ ਵਿਰੁੱਧ ਹੈ ਅਤੇ ਹਮੇਸ਼ਾ ਅਮਨ ਦੀ ਸਥਾਪਨਾ ਲਈ ਅਤੇ ਇਨਸਾਨੀਅਤ ਦੇ ਹਿਫਾਜ਼ਤ ਦੇ ਲਈ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ। ਮੁਸਲਿਮ ਜਮਾਤ ਅਹਿਮਦੀਆ ਦਾ ਹਮੇਸ਼ਾ ਇਹ ਮੌਕਫ਼ ਦਾਅਵਾ ਰਿਹਾ ਹੈ ਕਿ ਅੱਤਵਾਦ ਦਾ ਇਸਲਾਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਕਿਉਂਕਿ ਪਵਿੱਤਰ ਕੁਰਆਨ ਦੀ ਸਿੱਖਿਆ ਹੈ ਕਿ ਜਿਸ ਨੇ ਇੱਕ ਇਨਸਾਨ ਨੂੰ ਕਤਲ ਕੀਤਾ ਬਿਨਾਂ ਇਸ ਗੱਲ ਦੇ ਕਿ ਉਸਨੇ ਕਿਸੇ ਨੂੰ ਕਤਲ ਕੀਤਾ ਹੋਵੇ ਜਾਂ ਉਸਨੇ ਜਮੀਨ ਤੇ ਫਸਾਦ ਪੈਦਾ ਕੀਤਾ ਹੋਵੇ ਤਾਂ ਸਮਝੋ ਕਿ ਉਸ ਨੇ ਸਾਰੇ ਇਨਸਾਨਾਂ ਨੂੰ ਕਤਲ ਕਰ ਦਿੱਤਾ l ਪਵਿੱਤਰ ਕੁਰਆਨ ਦਾ ਇਹ ਸੰਦੇਸ਼ ਅਮਨ ਦੇ ਸੰਦੇਸ਼ ਦੀ ਭਰਪੂਰ ਅਕਾਸੀ ਕਰਦਾ ਹੈ l ਇੱਕ ਇਨਸਾਨ ਦੀ ਜਾਨ ਲੈਣਾ ਸਾਰੀ ਇਨਸਾਨੀਅਤ ਤੇ ਹਮਲਾ ਮਨਿਆ ਗਿਆ ਹੈ lਹਿੰਦੁਸਤਾਨ ਇੱਕ ਇਹੋ ਜਿਹਾ ਖੂਬਸੂਰਤ ਗੁਲਦਸਤਾ ਹੈ ਜਿੱਥੇ ਹਰ ਧਰਮ ਰੰਗ ਨਸਲ ਦੇ ਲੋਕ ਮਿਲ ਜੁਲ ਕੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਹਨ l ਲੇਕਿਨ ਕੁਝ ਗਲਤ ਅਨਸਰ ਸਮੇਂ ਸਮੇਂ ਤੇ ਇਸ ਗੁਲਦਸਤੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ l ਮੁਸਲਿਮ ਜਮਾਤ ਅਹਿਮਦੀਆ ਭਾਰਤ ਇੱਕ ਵਾਰ ਫਿਰ ਪਹਿਲਗਾਮ ਵਿੱਚ ਹੋਏ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਅਤੇ ਇਹ ਦੁਆ ਕਰਦੀ ਹੈ ਕਿ ਸਾਡਾ ਪਿਆਰਾ ਦੇਸ਼ ਭਾਰਤ ਅਮਨ ਸ਼ਾਂਤੀ ਦਾ ਕੇਂਦਰ ਬਣਿਆ ਰਹੇ l