ਦਾਨ ਸਿੰਘ ਵਾਲਾ ’ਚ ਘਰਾਂ ਨੂੰ ਅੱਗ ਲਾਉਣ ਵਾਲੇ ਪੰਜ ਹੋਰ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 15 ਜਨਵਰੀ 2025 :ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੋਨਿਆਣਾ ਅਧੀਨ ਪੈਂਦੇ ਪਿੰਡ ਦਾਨ ਸਿੰਘ ਵਾਲਾ ਦੀ ਬਸਤੀ ਜੀਵਨ ਸਿੰਘ ਵਾਲਾ ਵਿੱਚ ਲੰਘੇ ਵੀਰਵਾਰ 9 ਜਨਵਰੀ ਨੂੰ ਅੱਧੀ ਰਾਤ ਤੋਂ ਬਾਅਦ ਪੈਟਰੋਲ ਬੰਬਾਂ ਨਾਲ ਹਮਲਾ ਕਰਕੇ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਪੰਜ ਹੋਰ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਤਿੰਨ ਗ੍ਰਿਫਤਾਰੀਆਂ ਇਸ ਤੋਂ ਪਹਿਲਾਂ ਹੋ ਚੁੱਕੀਆਂ ਹਨ। ਤਾਜਾ ਗ੍ਰਿਫਤਾਰ ਕੀਤੇ ਮੁਲਜਮਾਂ ਚੋਂ ਚਾਰ ਅਜਿਹੇ ਹਨ ਜਿੰਨ੍ਹਾਂ ਖਿਲਾਫ ਸੰਗੀਨ ਦੋਸ਼ਾਂ ਵਾਲੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਮੁਲਜਮਾਂ ਦੀ ਪਛਾਣ ਮੁਖ ਮੁਲਜਮ ਰਮਿੰਦਰ ਸਿੰਘ ਉਰਫ ਦਲੇਰ ਪੁੱਤਰ ਹਰਫੂਲ ਸਿੰਘ,ਲਭਵੀਰ ਸਿੰਘ ਉਰਫ ਲਵਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ , ਅਜੇਪਾਲ ਸਿੰਘ ਉਰਫ ਪਿੰਕਾ ਪੁੱਤਰ ਕੁਲਦੀਪ ਸਿੰਘ ਅਤੇ ਧਰਮਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਅਨ ਕੋਠੇ ਜੀਵਨ ਸਿੰਘ ਵਾਲਾ ਤੋਂ ਇਲਾਵਾ ਪਰਮਿੰਦਰ ਸਿੰਘ ਉਰਫ ਹੈਪੀ ਘੁੱਗਾ ਪੁੱਤਰ ਸੇਵਕ ਸਿੰਘ ਵਾਸੀ ਦਾਨ ਸਿੰਘ ਵਜੋਂ ਹੋਈ ਹੈ।
ਪੁਲਿਸ ਮੁਲਜਮਾਂ ਦਾ ਰਿਮਾਂਡ ਲੈਣ ਉਪਰੰਤ ਅਗਲੀ ਪੁੱਛ ਪੜਤਾਲ ਕਰਨ ਜਾ ਰਹੀ ਹੈ। ਇਸ ਵਾਰਦਾਤ ਦੇ ਸਬੰਧ ਵਿੱਚ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਜਸਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਵਾਲਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਰਮਿੰਦਰ ਸਿੰਘ ਪੁੱਤਰ ਹਰਫੂਲ ਸਿੰਘ, ਧਰਮਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਲਵਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ, ਸਤਪਾਲ ਸਿੰਘ ਪੁੱਤਰ ਲੋਗਣ ਸਿੰਘ, ਜੀਵਨ ਸਿੰਘ ਪੁੱਤਰ ਗੋਰਖਾ ਸਿੰਘ, ਹੈਪੀ ਸਿੰਘ ਪੁੱਤਰ ਸੇਵਕ ਸਿੰਘ ਅਤੇ ਰੇਸ਼ਮ ਸਿੰਘ ਪੁੱਤਰ ਸੇਵਕ ਸਿੰਘ ਵਾਸੀਆਨ ਕੋਠੇ ਜੀਵਨ ਸਿੰਘ ਵਾਲਾ ਸਮੇਤ 20-25 ਅਣਪਛਾਤਿਆ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਅਨੁਸਾਰ ਕਿ ਮੁਲਜਮਾਂ ਅਤੇ ਮੁਦਈ ਜਸਪ੍ਰੀਤ ਸਿੰਘ ਵਿਚਕਾਰ ਪਹਿਲਾਂ ਤੂੰ ਤੂੰ ਮੈਂ ਮੈਂ ਹੋਈ ਸੀ ਜਿਸ ਦੀ ਰੰਜਿਸ਼ ਤਹਿਤ ਇਸ ਅਗਨੀ ਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ।ਥਾਣਾ ਨੇਹੀਆਂ ਵਾਲਾ ਪੁਲਿਸ ਦੀ ਇੰਚਾਰਜ ਇੰਸਪੈਕਟਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ।