ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ
ਆਰਥਿਕ ਉਦਾਰੀਕਰਨ ਦੇ ਨਿਰਮਾਤਾ ਸਨ ਡਾ. ਮਨਮੋਹਨ ਸਿੰਘ :ਪ੍ਰੋ. ਕਰਮਜੀਤ ਸਿੰਘ
"ਡਾ. ਮਨਮੋਹਨ ਸਿੰਘ ਜੀ ਦੀ ਸ਼ਖ਼ਸੀਅਤ ਸਮੁੱਚੇ ਵਿਸ਼ਵ ਨੂੰ ਪ੍ਰੇਰਿਤ ਕਰਨ ਦੇ ਸਮਰੱਥ "
ਅੰਮ੍ਰਿਤਸਰ, 27 ਦਸੰਬਰ 2024-ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਪ੍ਰਸਿੱਧ ਅਰਥ ਸ਼ਾਸਤਰੀ ਅਤੇ ਉੱਚ ਕੋਟੀ ਦੇ ਰਾਜਨੇਤਾ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ -ਕੁਲਪਤੀ ਪ੍ਰੋ. ਕਰਮਜੀਤ ਸਿੰਘ ਵੱਲੋਂ ਤਹਿ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਆਪਣੇ ਸ਼ੋਕ ਸੰਦੇਸ਼ ਵਿਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਅਤੇ ਸਿੱਖ ਕੌਮ ਦੇ ਮਾਣਮੱਤੇ ਸਪੁੱਤਰ ਡਾ. ਮਨਮੋਹਨ ਸਿੰਘ ਭਾਰਤ ਦੇ ਆਰਥਿਕ ਉਦਾਰੀਕਰਨ ਦੇ ਅਜਿਹੇ ਨਿਰਮਾਤਾ ਸਨ, ਜਿਨ੍ਹਾਂ ਨੇ ਦੇਸ਼ ਦਾ ਸਰਬਪੱਖੀ ਵਿਕਾਸ ਕਰਕੇ ਦੇਸ਼ ਨੂੰ ਇਕ ਨਵੇਂ ਪ੍ਰਗਤੀ ਯੁੱਗ ਵਿਚ ਪ੍ਰਵੇਸ਼ ਕਰਾਉਣ ਹਿੱਤ ਗੌਰਵਸ਼ਾਲੀ ਯੋਗਦਾਨ ਪਾਇਆ। ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ (2004-2014) ਦੂਰ ਦ੍ਰਿਸ਼ਟੀ ਵਾਲੀ ਯੋਗ ਅਗਵਾਈ ਦਾ ਪ੍ਰਮਾਣ ਸੀ। ਉਹ ਭਾਰਤ ਦੇ ਸਰਵਪੱਖੀ ਵਿਕਾਸ, ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਪ੍ਰਤੀ ਪੂਰਨ ਰੂਪ ਵਿੱਚ ਪ੍ਰਤਿਬੱਧ ਸਨ।
ਡਾ. ਮਨਮੋਹਨ ਸਿੰਘ ਜੀ ਦੀ ਨਿਮਰਤਾ ਭਰਪੂਰ ਸ਼ਖ਼ਸੀਅਤ, ਤੀਖਣ ਬੁੱਧੀ ਅਤੇ ਇਮਾਨਦਾਰੀ ਸਮੁੱਚੇ ਵਿਸ਼ਵ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਹੈ। ਉਨ੍ਹਾਂ ਦਾ ਸਮੁੱਚਾ ਜੀਵਨ ਅਤੇ ਕਾਰਜ ਇਸ ਗੱਲ ਦੀ ਪ੍ਰਤੱਖ ਮਿਸਾਲ ਹੈ ਕਿ ਕਿਵੇਂ ਕਿਸੇ ਮਨੁੱਖ ਦਾ ਸਮਰਪਣ, ਬੌਧਿਕਤਾ ਅਤੇ ਸੇਵਾ ਇੱਕ ਰਾਸ਼ਟਰ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੇ ਇਸ ਲਾਸਾਨੀ ਨੇਤਾ ਨੂੰ ਸਲਾਮ ਕਰਦੀ ਹੈ। ਸਿੱਖ ਕੌਮ ਨੂੰ ਡਾ. ਮਨਮੋਹਨ ਸਿੰਘ ਉੱਪਰ ਹਮੇਸ਼ਾਂ ਮਾਣ ਰਹੇਗਾ। ਉਹ ਸਾਡੀ ਕੌਮ ਦੇ ਨਾਇਕ ਹਨ ਅਤੇ ਹਮੇਸ਼ਾਂ ਸਾਡੇ ਰਾਹ ਦਸੇਰੇ ਬਣੇ ਰਹਿਣਗੇ। ਉਹਨਾਂ ਦੀ ਬੌਧਿਕ ਵਿਰਾਸਤ ਇੱਕ ਮਜ਼ਬੂਤ ਅਤੇ ਖ਼ੁਸ਼ਹਾਲ ਭਾਰਤ ਦਾ ਨਿਰਮਾਣ ਕਰਨ ਵਿੱਚ ਸਾਡੀ ਅਗਵਾਈ ਕਰਦੀ ਰਹੇਗੀ। ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿਚ ਜੋ ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਕੇਂਦਰ ਵੀ ਸਥਾਪਿਤ ਸੀ ਦੇ ਕਰਕੇ ਵੀ ਯੂਨੀਵਰਸਿਟੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗੀ।