ਖਨੌਰੀ ਅਤੇ ਸ਼ੰਭੂ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਅਰਥੀਆਂ ਸਾੜੀਆਂ
ਅਸ਼ੋਕ ਵਰਮਾ
ਮਾਨਸਾ, 10 ਜਨਵਰੀ 2025 : ਖਨੌਰੀ ਅਤੇ ਸ਼ੰਭੂ ਵਿਖੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਜਿਲ੍ਹੇ ਦੇ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਿਨਾਂ ਨੂੰ ਸਾੜਨ ਦੇ ਪ੍ਰੋਗਰਾਮ ਦੌਰਾਨ ਕੁੱਝ ਥਾਵਾਂ ਤੇ ਬੀ.ਕੇ.ਯੂ. ਡਕੌਂਦਾ ਦੇ ਵਰਕਰ ਵੀ ਸ਼ਾਮਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਜਿਲ੍ਹੇ ਦੇ 54 ਪਿੰਡਾਂ ਵਿੱਚ ਅਰਥੀਆਂ ਸਾੜ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਨੇ ਕਿਹਾ ਕਿ ਦੋਵੇਂ ਵਾਰਡਰਾਂ ਤੇ ਕਿਸਾਨਾਂ ਦੇ ਸੰਘਰਸ਼ ਨੂੰ ਕੇਂਦਰ ਸਰਕਾਰ ਅਣਗੌਲਿਆਂ ਕਰ ਰਹੀ ਹੈ ਸਗੋਂ ਮੰਡੀਆਂ ਤੋੜਨ ਲਈ ਰਾਜ ਸਰਕਾਰਾਂ ਨੂੰ ਖਰੜੇ ਭੇਜ਼ ਰਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਆਏ ਹੋਏ ਹਨ ਪਰ ਉਪਰੋਂ ਹਰ ਮਹੀਨੇ ਖੇਤੀ ਲਾਗਤ ਖਰਚੇ ਵਧ ਰਹੇ ਹਨ। ਉਸ ਦੇ ਮੁਕਾਬਲੇ ਫਸਲਾਂ ਦੇ ਲਾਹੇਵੰਦ ਰੇਟ ਨਹੀਂ ਦਿੱਤੇ ਜਾ ਰਹੇ। ਕਰਜੇ ਖਤਮ ਕਰਵਾਉਂਣ, ਫਸਲਾਂ ਦੇ ਲਾਹੇਵੰਦ ਭਾਅ ਲੈਣ, ਮੰਡੀਆਂ ਤੋੜਨ ਵਾਲੇ ਖਰੜੇ ਵਾਪਸ ਕਰਵਾਉਂਣ ਸਮੇਤ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਾਰਪੋਰੇਟ ਘਰਾਂਣਿਆਂ ਦੀ ਰਾਖੇਲ ਬਣ ਕੇ ਚੱਲ ਰਹੀ ਹੈ। ਉਹਨਾਂ ਕਿਹਾ ਕਿ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ। ਵੱਖ ਵੱਖ ਥਾਵਾਂ ਤੇ ਕਿਸਾਨ ਆਗੂ ਭੋਲਾ ਸਿੰਘ ਮਾਖਾ, ਜ਼ੋਗਿੰਦਰ ਦਿਆਲਪੁਰਾ, ਮੇਜਰ ਗੋਬਿੰਦਪੁਰਾ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਹਰਪਾਲ ਸਿੰਘ ਮੀਰਪੁਰ, ਕੁਲਦੀਪ ਸਿੰਘ ਚਚੋਹਰ, ਉੱਤਮ ਸਿੰਘ ਰਾਮਾਂਨੰਦੀ ਨੇ ਵੀ ਸੰਬੋਧਨ ਕੀਤਾ।