ਕ੍ਰਿਸ਼ੀ ਵਿਗਿਆਨ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਾਪੂਲਰ ਦੀ ਨਰਸਰੀ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ ਲਗਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 8 ਜਨਵਰੀ,2025 - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਅੱਜ ਮਿਤੀ 08 ਜਨਵਰੀ 2025 ਨੂੰ ਪਾਪਲਰ ਦੀ ਨਰਸਰੀ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 15 ਸਿਖਿਆਰਥੀਆਂ ਨੇ ਭਾਗ ਲਿਆ।ਪਾਪੂਲਰ ਵਣ ਖੇਤੀ ਲਈ ਢੁੱਕਵਾ ਰੁੱਖ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਾਪੂਲਰ ਦੇ ਰੁੱਖਾਂ ਵਿੱਚ ਵੱਖ- ਵੱਖ ਫ਼ਸਲਾਂ ਦੀ ਕਾਸ਼ਤ ਸਬੰਧੀ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ।
ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਅਤੇ ਸਰੋਆ ਬਲਾਕ ਪਾਪਲਰ ਦੇ ਰੁੱਖ ਲਗਾਉਣ ਲਈ ਬਹੁਤ ਢੁਕਵੇ ਹਨ, ਇਥੋਂ ਦੇ ਪਾਪਲਰ ਦੀ ਲੱਕੜ ਸਫੈਦ ਹੋਣ ਕਾਰਨ ਪਲਾਈਵੁੱਡ ਇੰਡਸਟਰੀ ਵਿੱਚ ਜ਼ਿਆਦਾ ਵਰਤੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਜ਼ਿਆਦਾ ਆਰਥਿਕ ਮੁਨਾਫਾ ਮਿਲਦਾ ਹੈ।ਇਸ ਸਿਖਲਾਈ ਕੋਰਸ ਵਿੱਚ ਸਿਖਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਡਾ. ਵਰੁਨ ਅਤਰੀ, ਪੀ.ਏ.ਯੂ. ਕਾਲਜ ਆਫ ਐਗਰੀਕਲਚਰ, ਬੱਲੋਵਾਲ ਸੌਂਖੜੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਪਾਪੂਲਰ ਦੀ ਨਰਸਰੀ ਤਿਆਰ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
ਉਹਨਾਂ ਦੱਸਿਆ ਕਿ ਪਾਪੂਲਰ ਦੀਆਂ ਕਲਮਾਂ ਇੱਕ ਸਾਲ ਪੁਰਾਣੀ ਭਰੋਸੇਮੰਦ ਨਰਸਰੀ ਤੋਂ ਤਿਆਰ ਕਰਨੀਆਂ ਚਾਹੀਦੀਆਂ ਹਨ।ਕਲਮਾਂ ਲਗਾਉਣ ਸਮੇਂ ਮਿੱਟੀ ਉਪਜਾਊ ਅਤੇ ਚੰਗੇ ਜਲ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਉਥੇ ਸਿੰਜਾਈ ਦਾ ਵੀ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ । ਡਾ. ਜਸਵਿੰਦਰ ਕੁਮਾਰ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਪਾਪੂਲਰ ਦੀ ਨਰਸਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵਿਧੀ ਰਾਹੀਂ ਪੋਲੀਥੀਨ ਸ਼ੀਟ ਜਾਂ ਝੋਨੇ ਦੀ ਪਰਾਲੀ ਵਰਤਣ ਸਬੰਧੀ ਜਾਣਕਾਰੀ ਸਾਂਝੀ ਕੀਤੀ । ਅੰਤ ਵਿੱਚ ਸਾਰੇ ਸਿਖਿਆਰਥੀਆਂ ਨੇ ਪਾਪੂਲਰ ਦੀ ਨਰਸਰੀ ਤਿਆਰ ਕਰਨ ਦੀ ਵਿਧੀ ਨੂੰ ਆਮਦਨ ਦੇ ਸਾਧਨ ਵਜੋਂ ਅਪਣਾਉਣ ਲਈ ਅਹਿਦ ਲਿਆ।ਇਸ ਪ੍ਰਕਾਰ ਇਹ ਸਿਖਲਾਈ ਕੋਰਸ ਸਫ਼ਲਤਾ ਪੂਰਵਕ ਨੇਪਰੇ ਚੜਿਆ।