ਕੈਨੇਡਾ ਚੋਣਾਂ ਦੇ ਵਿੱਚ ਪੰਜਾਬੀ ਨੌਜਵਾਨ ਨੇ ਦਰਜ ਕੀਤੀ ਹੈਟਰਿਕ
ਬਰੈਮਪਟਨ ਵੈਸਟ ਤੋਂ ਲਗਾਤਾਰ ਤੀਸਰੀ ਵਾਰ ਵਿਧਾਇਕ ਚੁਣੇ ਗਏ ਅਮਰਜੋਤ ਸੰਧੂ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ : ਹਾਲ ਹੀ ਦੇ ਵਿੱਚ ਕੈਨੇਡਾ ਦੇ ਵਿੱਚ ਹੋਈਆਂ ਚੋਣਾਂ ਦੌਰਾਨ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਮਪਟਨ ਵੈਸਟ ਤੋਂ ਪੰਜਾਬੀ ਨੌਜਵਾਨ ਅਮਰਜੋਤ ਸਿੰਘ ਸੰਧੂ ਵੱਲੋਂ ਲਗਾਤਾਰ ਤੀਸਰੀ ਵਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਲੋਹਾ ਮਨਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰੋਗਰੈਸਿਵ ਕੰਜਰਵੇਟਿਵ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਲੜੀ ਇਸ ਚੋਣ ਦੇ ਵਿੱਚ ਅਮਰਜੋਤ ਸੰਧੂ ਵੱਲੋਂ ਆਪਣੀ ਮਿਹਨਤ ਦੇ ਬਲਬੂਤੇ ਉੱਤੇ ਤੀਸਰੀ ਵਾਰ ਪ੍ਰਾਪਤ ਕੀਤੀ ਗਈ ਇਸ ਜਿੱਤ ਦੇ ਨਾਲ ਪਿੰਡ ਵਿੱਚ ਬੇਹਦ ਖੁਸ਼ੀ ਦਾ ਮਾਹੌਲ ਹੈ ਅਤੇ ਉਹਨਾਂ ਦੇ ਪਿੰਡ ਭਲਾਈਪੁਰ ਡੋਗਰਾ ਦੇ ਵਿੱਚ ਸਥਿਤ ਜੱਦੀ ਘਰ ਪੁੱਜੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਵੱਲੋਂ ਮਿਠਾਈ ਵੰਡ ਕੇ ਇੱਕ ਦੂਸਰੇ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਜਾ ਰਹੀ ਹੈ।।
ਇਸ ਦੇ ਨਾਲ ਹੀ ਐਮ ਪੀ ਪੀ ਅਮਰਜੋਤ ਸੰਧੂ ਦੇ ਜਮਾਤੀ ਬਿਕਰਮ ਚੀਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਮਰਜੋਤ ਸੰਧੂ ਦਾ ਪਰਿਵਾਰ ਜਿੱਥੇ ਸ਼ੁਰੂ ਤੋਂ ਰਾਜਨੀਤੀ ਦੇ ਵਿੱਚ ਆਪਣੀ ਅਹਿਮ ਜਗਾ ਬਣਾ ਕੇ ਲੋਕਾਂ ਦੀ ਸੇਵਾ ਕਰਦਾ ਰਿਹਾ ਹੈ ਉੱਥੇ ਹੀ ਕੁਝ ਹੀ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਜਾ ਕੇ ਅਮਰਜੋਤ ਸੰਧੂ ਵੱਲੋਂ ਸ਼ੁਰੂ ਕੀਤੀ ਗਈ ਮਿਹਨਤ ਤੋਂ ਬਾਅਦ ਹੁਣ ਲੋਕਾਂ ਵੱਲੋਂ ਲਗਾਤਾਰ ਉਹਨਾਂ ਨੂੰ ਮਿਲ ਰਹੇ ਪਿਆਰ ਦੇ ਨਾਲ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਖੁਸ਼ਨੁਮਾ ਮਾਹੌਲ ਹੈ।।
ਬਿਕਰਮ ਚੀਮਾ ਨੇ ਦੱਸਿਆ ਕਿ ਅਮਰਜੋਤ ਸੰਧੂ ਉਹਨਾਂ ਦੇ ਨਾਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਰਈਆ ਵਿੱਚ ਜਮਾਤ ਵਿੱਚ ਪੜਦੇ ਹੋਏ ਵੀ ਬਤੌਰ ਮੋਨੀਟਰ ਇੱਕ ਚੰਗੇ ਲੀਡਰ ਦੇ ਤੌਰ ਉੱਤੇ ਵਿਚਰਦੇ ਸਨ। ਉਹਨਾਂ ਕਿਹਾ ਕਿ ਲੀਡਰੀ ਦੇ ਇਸੇ ਗੁਣ ਨੇ ਅੱਜ ਉਹਨਾਂ ਨੂੰ ਕੈਨੇਡਾ ਦੇ ਵਿੱਚ ਪਾਰਲੀਮੈਂਟ ਤੱਕ ਪਹੁੰਚਣ ਦੇ ਵਿੱਚ ਸਫਲਤਾ ਦਿਲਾਈ ਹੈ।।
ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਨੰਬਰਦਾਰ ਮਨਪ੍ਰੀਤ ਸਿੰਘ, ਕਸ਼ਮੀਰ ਸਿੰਘ, ਤੇਜਵੀਰ ਸਿੰਘ, ਸੁਖਵੰਤ ਸਿੰਘ ਆਦੀ ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੇਸ਼ੱਕ ਅਮਰਜੋਤ ਸੰਧੂ ਨੇ ਕੈਨੇਡਾ ਦੇ ਵਿੱਚ ਆਪਣੀ ਮਿਹਨਤ ਦੇ ਬਲਬੂਤੇ ਨਾਲ ਉੱਚ ਮੁਕਾਮ ਹਾਸਲ ਕੀਤਾ ਹੈ। ਲੇਕਿਨ ਇਸ ਦੇ ਨਾਲ ਹੀ ਉਹਨਾਂ ਵੱਲੋਂ ਅੱਜ ਤੱਕ ਆਪਣੇ ਜੱਦੀ ਪਿੰਡ ਭਲਾਈਪੁਰ ਡੋਗਰਾਂ ਦੇ ਨਾਲ ਬੇਹੱਦ ਮੋਹ ਅਤੇ ਪਿਆਰ ਰੱਖਦੇ ਹੋਏ ਹਰ ਸਾਲ ਪਰਿਵਾਰ ਦੇ ਨਾਲ ਪਿੰਡ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ।।
ਪਿੰਡ ਵਾਸੀਆਂ ਨੇ ਦੱਸਿਆ ਕਿ ਅਮਰਜੋਤ ਸੰਧੂ ਦੇ ਵਿੱਚ ਇੱਕ ਚੰਗੇ ਲੀਡਰ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਹੋਣ ਦੀ ਖੂਬੀ ਵੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਦੋਂ ਵੀ ਉਹ ਪੰਜਾਬ ਆਪਣੇ ਪਿੰਡ ਵਿੱਚ ਪਹੁੰਚਦੇ ਹਨ ਅਤੇ ਹਰ ਲੋੜਵੰਦ ਕੀ ਮਦਦ ਦੇ ਲਈ ਅਮਰਜੋਤ ਸੰਧੂ ਪਹਿਲੀ ਕਤਾਰ ਦੇ ਵਿੱਚ ਹਮੇਸ਼ਾ ਖੜੇ ਨਜ਼ਰ ਆਉਂਦੇ ਹਨ।
ਉਹਨਾਂ ਕਿਹਾ ਕਿ ਇਹ ਬੇਹਦ ਫਖਰ ਅਤੇ ਮਾਣ ਦੀ ਗੱਲ ਹੈ ਕੀ ਅਮਰਜੋਤ ਸੰਧੂ ਉਹਨਾਂ ਦੇ ਪਿੰਡ ਦੇ ਜੰਪਲ ਅਤੇ ਵਸਨੀਕ ਹਨ।।।
ਇਸ ਦੇ ਨਾਲ ਹੀ ਫੋਨ ਕਾਲ ਉੱਤੇ ਗੱਲਬਾਤ ਦੌਰਾਨ ਅਮਰਜੋਤ ਸੰਧੂ ਨੇ ਦੱਸਿਆ ਕਿ ਤੀਸਰੀ ਵਾਰ ਇਹਨਾਂ ਚੋਣਾਂ ਦੌਰਾਨ ਉਹਨਾਂ ਦੇ ਨਾਲ ਨਾਲ ਪੂਰੀ ਟੀਮ ਵੱਲੋਂ ਬੇਹੱਦ ਸਖਤ ਮਿਹਨਤ ਕੀਤੀ ਗਈ ਹੈ ਇਸ ਦੇ ਨਾਲ ਹੀ ਲੋਕਾਂ ਵੱਲੋਂ ਪਹਿਲਾਂ ਦਿੱਤੀ ਗਈ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਉਹਨਾਂ ਦੇ ਵਿਸ਼ਵਾਸ ਉੱਤੇ ਖਰੇ ਉਤਰਦੇ ਰਹੇ ਹਾਂ।
ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਬੇਸ਼ੱਕ ਵਿਦੇਸ਼ ਹਰ ਇੱਕ ਨੌਜਵਾਨ ਦੀ ਚਾਹਤ ਬਣ ਚੁੱਕਾ ਹੈ ਲੇਕਿਨ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕਾਮਯਾਬ ਹੋਣ ਦਾ ਸੁਪਨਾ ਦੇਖਦੇ ਹੋ ਤਾਂ ਇਹ ਪਹਿਲੀ ਸ਼ਰਤ ਹੈ ਕਿ ਇਸ ਦੇ ਨਾਲ ਨਾਲ ਤੁਹਾਡੇ ਕੋਲ ਚੰਗੀ ਸਿੱਖਿਆ ਅਤੇ ਮਿਹਨਤ ਦਾ ਹੋਣਾ ਬੇਹਦ ਜਰੂਰੀ ਹੈ।। ਉਹਨਾਂ ਪਿੰਡ ਵਾਸੀਆਂ ਵੱਲੋਂ ਜਿੱਤ ਦੇ ਸਬੰਧੀ ਮਨਾਈ ਗਈ ਖੁਸ਼ੀ ਉੱਤੇ ਉਹਨਾਂ ਦਾ ਬੇਹਦ ਧੰਨਵਾਦ ਕੀਤਾ ਹੈ।